ਕੋਟਕਪੂਰਾ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਬੀਤੀ ਦਿਨੀਂ ਕੋਟਕਪੂਰਾ ਸ਼ਹਿਰ ਦੇ ਇੱਕੋ ਪਰਿਵਾਰ ਦੇ 13 ਮੈਂਬਰਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸੇ ਪਰਿਵਾਰ ਦੇ ਦੋ ਮੈਂਬਰ ਪਹਿਲਾਂ ਪਾਜ਼ੀਟਿਵ ਮਿਲੇ ਸਨ ਜਿਸ ਤੋੋਂ ਬਾਅਦ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਸੈਂਪਲ ਜਾਂਚ ਲਈ ਭੇਜੇ ਸਨ ਜਿਨ੍ਹਾਂ ‘ਚ ਪਰਿਵਾਰ ਦੇ 13 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਜ਼ਿਲ੍ਹਾ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਕੋਟਕਪੂਰਾ ਸ਼ਹਿਰ ਵਿਚ ਇਕੋ ਪਰਿਵਾਰ ਦੇ 13 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਹ ਸਾਰੇ ਕੇਸ ਇੱਕ-ਦੂਜੇ ਦੇ ਸੰਪਰਕ ‘ਚ ਆਉਣ ਕਾਰਨ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪਾਜ਼ੀਟਿਵ ਮਰੀਜਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਸ਼ਿਫਟ ਕਰਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਦੇ ਏ.ਐਸ.ਆਈ ਦੀ 23 ਸਾਲਾ ਲੜਕੀ ਅਤੇ 20 ਸਾਲਾ ਲੜਕੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਪਾਜ਼ੀਟਿਵ ਆਏ ਮਰੀਜ਼ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹਨ।