ਚੰਡੀਗੜ੍ਹ : ਸੂਬੇ ‘ਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ‘ਚ ਹੀ ਅੱਜ ਸੂਬੇ ਦੇ ਮਹਾਂਨਗਰ ਲੁਧਿਆਣਾ ‘ਚ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ। ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਅੱਜ ਸ਼ਹਿਰ ‘ਚ ਕੋਰੋਨਾ ਦੇ 136 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ 127 ਮਰੀਜ਼ ਲੁਧਿਆਣਾ ਜਦਕਿ 9 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਅੱਜ ਮਿਲੇ ਨਵੇਂ ਪਾਜ਼ੀਟਿਵ ਮਰੀਜ਼ਾਂ ‘ਚ 5 ਪੁਲਿਸ ਮੁਲਜ਼ਮ ਅਤੇ 5 ਹੈਲਥ ਕੇਅਰ ਵਰਕਰ ਸ਼ਾਮਿਲ ਹਨ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ, ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਅੱਜ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਰੀਜ਼ਾਂ ‘ਚ ਇਕ ਮ੍ਰਿਤਕ ਮਰੀਜ਼ ਜੋ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਸੀ ਦਮ ਤੋੜ ਗਿਆ ਹੈ। ਮ੍ਰਿਤਕ ਮਰੀਜ਼ ਲੁਧਿਆਣਾ ਸਥਿਤ ਢੰਡਾਰੀ ਖ਼ੁਰਦ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ ਲਗਭਗ 51 ਸਾਲ ਦੇ ਕਰੀਬ ਸੀ ਜਦਕਿ ਇਕ ਔਰਤ ਮਰੀਜ਼ ਪੀ ਜੀ ਆਈ ਚੰਡੀਗੜ੍ਹ ਵਿਚ ਦਾਖਲ ਸੀ ਦੀ ਵੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੋਵੇਂ ਮ੍ਰਿਤਕ ਮਰੀਜ਼ ਕੋਰੋਨਾ ਦੀ ਲਪੇਟ ਵਿਚ ਆਉਣ ਤੋਂ ਪਹਿਲਾਂ ਪੁਰਾਣੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਸਨ।
ਇਸ ਦੇ ਨਾਲ ਹੀ ਜ਼ਿਲ੍ਹਾ ਅੰਮ੍ਰਿਤਸਰ ‘ਚ ਵੀ ਕੋਰੋਨਾ ਕਹਿਰ ਬਰਸਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਸ਼ਹਿਰ ‘ਚ ਕੋਰੋਨਾ ਦੇ 42 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਕ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋਈ ਹੈ। ਜਿਸ ਨਾਲ ਅੰਮ੍ਰਿਤਸਰ ‘ਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਗਿਣਤੀ ਵੱਧ ਕੇ 1533 ਹੋ ਗਈ ਹੈ।
ਸੂਬੇ ‘ਚ ਹੁਣ ਤੱਕ ਕੋਰੋਨਾ ਦੇ 12840 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 300 ਤੋਂ ਪਾਰ ਚਲੀ ਗਈ ਹੈ। ਸੂਬੇ ‘ਚ 8687 ਲੋਕ ਕੋਰੋਨਾ ਤੋਂ ਪੂਰੀ ਤਰ੍ਚਾਂ ਠੀਕ ਹੋ ਚੁੱਕੇ ਹਨ। 3850 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ ਜਿਨ੍ਹਾਂ ਦਾ ਸੂਬੇ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।