ਸਹਿਕਾਰਤਾ ਮੰਤਰੀ ਵੱਲੋਂ ਕੋਵਿਡ ਕਾਰਨ ਜਾਨ ਗਵਾਉਣ ਵਾਲੇ ਤਿੰਨ ਕਰਮਚਾਰੀਆਂ ਦੇ ਪਰਿਵਾਰਕ ਵਾਰਸਾਂ ਨੂੰ 25-25 ਲੱਖ ਰੁਪਏ ਦੀ ਬੀਮਾ ਕਲੇਮ ਰਾਸ਼ੀ ਸੌਂਪੀ

TeamGlobalPunjab
2 Min Read

ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੇ ਸੰਕਟ ਨੂੰ ਦੇਖਦਿਆਂ ਸਹਿਕਾਰਤਾ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਮੂਹਰਲੀ ਕਤਾਰ ਵਿੱਚ ਸੇਵਾ ਨਿਭਾਉਣ ਵਾਲੇ ਸਮੂਹ ਸਹਿਕਾਰੀ ਅਦਾਰਿਆਂ ਦੇ ਕਰਮਚਾਰੀਆਂ ਦੇ ਕੀਤੇ ਬੀਮੇ ਤਹਿਤ ਤਿੰਨ ਕਰਮਚਾਰੀਆਂ ਦੀ ਕੋਵਿਡ-19 ਕਾਰਨ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਵਾਰਸਾਂ ਨੂੰ 25-25 ਲੱਖ ਰੁਪਏ ਦੀ ਬੀਮਾ ਕਲੇਮ ਰਾਸ਼ੀ ਸੌਂਪੀ ਗਈ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੋਵਿਡ ਕਾਰਨ ਜਾਨ ਗਵਾਉਣ ਵਾਲੇ ਸਹਿਕਾਰੀ ਖੰਡ ਮਿੱਲ ਨਕੋਦਰ ਦੇ ਡਿਪਟੀ ਲੇਖਾ ਅਧਿਕਾਰੀ ਦਲਜਿੰਦਰ ਸਿੰਘ ਦੀ ਪਤਨੀ ਸੁਰਿੰਦਰਜੀਤ ਮਾਰੋਕੇ, ਮਿਲਕਫੈਡ ਦੇ ਦੁੱਧ ਖਰੀਦ ਸਹਾਇਕ ਹਰਜਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਤੇ ਮਾਰਕਫੈਡ ਦੇ ਚੌਕੀਦਾਰ ਦੋਰਨ ਪ੍ਰਸਾਦ ਦੀ ਪਤਨੀ ਖੇਮ ਲਤਾ ਨੂੰ 25-25 ਲੱਖ ਰੁਪਏ ਦੇ ਚੈਕ ਬੀਮਾ ਕਲੇਮ ਦੀ ਰਾਸ਼ੀ ਵਜੋਂ ਸੌਂਪੇ ਗਏ।

- Advertisement -

ਰੰਧਾਵਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਪਏ ਇਸ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ ਅਤੇ ਵਿਭਾਗ ਉਨ੍ਹਾਂ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਰੀਕ ਹੈ। ਉਨ੍ਹਾਂ ਕਿਹਾ ਕਿ ਉਹ ਸਮੂਹ ਸਹਿਕਾਰੀ ਅਦਾਰਿਆਂ ਦੇ ਕਰਮਚਾਰੀਆਂ ਨੂੰ ਵੀ ਸਿਜਦਾ ਕਰਦਾ ਹੈ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਦੇ ਲੋਕਾਂ ਦੀ ਅੱਗੇ ਹੋ ਕੇ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਆਪਣੇ ਹਰ ਕਰਮਚਾਰੀ ਅਤੇ ਪਰਿਵਾਰ ਦੀ ਭਲਾਈ ਵਚਨਬੱਧ ਹੈ ਜਿਸ ਤਹਿਤ ਸਮੂਹ ਸਹਿਕਾਰੀ ਅਦਾਰਿਆਂ ਵੱਲੋਂ ਆਪਣੇ ਪੱਧਰ ‘ਤੇ ਕਰਮਚਾਰੀਆਂ ਦਾ ਇਕ ਸਾਲ ਲਈ 25 ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਸੀ।

ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਹਾਇਤਾ ਰਾਸ਼ੀ ਲਈ ਵਿਭਾਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਬਰੂਆ ਮਿੱਤਲ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ ਵੀ ਹਾਜ਼ਰ ਸਨ।

Share this Article
Leave a comment