ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦੌਰਾਨ ਸੂਫੀ ਗਾਇਕੀ ਸਮੇਂ ਨੱਚਣ ਕਾਰਨ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਚਰਚਾ ’ਚ ਹੈ। ਇਸ ਵਿਵਾਦ ਤੋਂ ਬਾਅਦ ਸੂਫੀ ਗਾਇਕ ਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਅਣਜਾਣੇ ’ਚ ਹੋਈ ਗਲਤੀ ਦੀ ਮੁਆਫੀ ਮੰਗੀ।
ਬੀਰ ਸਿੰਘ ਦਾ ਮੁਆਫੀਨਾਮਾ
ਸੂਫੀ ਗਾਇਕ ਬੀਰ ਸਿੰਘ ਨੇ ਕਿਹਾ, “ਮੈਂ ਅਣਜਾਣੇ ’ਚ ਹੋਈ ਗਲਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਆਪਣਾ ਪੱਖ ਰੱਖਿਆ ਅਤੇ ਮੁਆਫੀ ਮੰਗੀ। ਮੈਂ ਆਸਟ੍ਰੇਲੀਆ ਤੋਂ ਸਿੱਧਾ ਸਮਾਗਮ ’ਚ ਪਹੁੰਚਿਆ ਸੀ ਅਤੇ ਮੈਨੂੰ ਸ਼ਹੀਦੀ ਸਮਾਗਮ ਦੀ ਪੂਰੀ ਜਾਣਕਾਰੀ ਨਹੀਂ ਸੀ। ਪਿੱਛੇ ਲੱਗੇ ਬੈਨਰ ਵੱਲ ਵੀ ਮੇਰਾ ਧਿਆਨ ਨਹੀਂ ਗਿਆ। ਸੰਗਤ ਮੈਨੂੰ ਕਿਰਪਾ ਕਰਕੇ ਮੁਆਫ ਕਰੇ, ਕਿਉਂਕਿ ਇਹ ਗਲਤੀ ਅਣਜਾਣੇ ’ਚ ਹੋਈ।”
ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜਾਬ ਸਰਕਾਰ ਨੂੰ ਤਾੜਨਾ
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, “ਬੀਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ ’ਚ ਹੋਈ ਗਲਤੀ ਨੂੰ ਸਵੀਕਾਰ ਕਰਦਿਆਂ ਲਿਖਤੀ ਪੱਖ ਰੱਖਿਆ ਹੈ। ਇਸ ’ਤੇ ਵਿਚਾਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਲਿਆ ਜਾਵੇਗਾ।” ਜਥੇਦਾਰ ਨੇ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ, “ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ ਸਮਾਗਮ ’ਚ ਮਰਿਆਦਾ ਦੀ ਉਲੰਘਣਾ ਬੇਅਦਬੀ ਤੋਂ ਘੱਟ ਨਹੀਂ। ਸਮਾਗਮ ’ਚ ਬੋਲੀਆਂ ਅਤੇ ਭੰਗੜੇ ਪਾਉਣਾ ਸਿੱਖ ਮਰਿਆਦਾ ਦੇ ਖਿਲਾਫ ਹੈ। ਪੰਜਾਬ ਸਰਕਾਰ ਨੂੰ ਇਸ ਮੁੱਦੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਜਵਾਬ ਦੇਣਾ ਚਾਹੀਦਾ। ਸਰਕਾਰ ਨੂੰ ਅਜਿਹੇ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਾਲ ਸਲਾਹ ਕਰਕੇ ਕਰਨੇ ਚਾਹੀਦੇ, ਨਹੀਂ ਤਾਂ ਮਰਿਆਦਾ ਦਾ ਮਜ਼ਾਕ ਉੱਡਦਾ ਰਹੇਗਾ।”
ਸਰਕਾਰ ਦੀ ਜ਼ਿੰਮੇਵਾਰੀ ’ਤੇ ਸਵਾਲ
ਜਥੇਦਾਰ ਨੇ ਅੱਗੇ ਕਿਹਾ, “ਭਾਸ਼ਾ ਵਿਭਾਗ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਸੀ ਕਿ ਸ਼ਹੀਦੀ ਦਿਹਾੜਿਆਂ ਦੀ ਸ਼ੁਰੂਆਤ ਸ੍ਰੀਨਗਰ ਤੋਂ ਕੀਤੀ ਜਾਵੇਗੀ, ਪਰ ਪਹਿਲੇ ਸਮਾਗਮ ’ਚ ਹੀ ਸਿੱਖ ਮਰਿਆਦਾ ਦਾ ਨੁਕਸਾਨ ਹੋਇਆ, ਜੋ ਦੁਖਦਾਈ ਹੈ। ਸਰਕਾਰਾਂ ਨੂੰ ਇਤਿਹਾਸਕ ਸਥਾਨਾਂ ਨੂੰ ਸਾਫ-ਸੁਥਰਾ ਰੱਖਣ, ਸੜਕਾਂ ਬਣਾਉਣ ਅਤੇ ਸੰਗਤ ਦੀ ਸੁਰੱਖਿਆ ਦੇ ਪ੍ਰਬੰਧ ਕਰਨ ’ਤੇ ਧਿਆਨ ਦੇਣਾ ਚਾਹੀਦਾ, ਨਾ ਕਿ SGPC ਦੀ ਬਰਾਬਰੀ ’ਚ ਸ਼ਤਾਬਦੀਆਂ ਮਨਾਉਣ ’ਤੇ।”
SGPC ਪ੍ਰਧਾਨ ਦੀ ਸਖ਼ਤ ਨਿਖੇਧੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ’ਚ ਨਾਚ-ਗਾਣੇ ਅਤੇ ਮਨੋਰੰਜਨ ਪ੍ਰਦਰਸ਼ਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਇਸ ਨਾਲ ਸ਼ਹਾਦਤ ਦੇ ਸੰਕਲਪ, ਗੁਰਮਤਿ ਮਰਿਆਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਗੰਭੀਰ ਸੱਟ ਵੱਜੀ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਧਾਰਮਿਕ ਇਤਿਹਾਸ ’ਚ ਸਰਵਉੱਚ ਹੈ। ਅਜਿਹੇ ਸਮਾਗਮ ਸਿੱਖ ਮਰਿਆਦਾ, ਸ਼ਰਧਾ ਅਤੇ ਗੁਰਬਾਣੀ ਦੇ ਸਤਿਕਾਰ ਨਾਲ ਹੋਣੇ ਚਾਹੀਦੇ। ਪਰ ਭਾਸ਼ਾ ਵਿਭਾਗ ਨੇ ਇਸ ਮੌਕੇ ਨੂੰ ਮਨੋਰੰਜਨ ਦਾ ਸਾਧਨ ਬਣਾ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਸਰਕਾਰਾਂ ਲਈ ਗੁਰਮਤਿ ਮਰਿਆਦਾ ਦੀ ਪਾਲਣਾ ਮੁਸ਼ਕਲ ਹੈ, ਇਸ ਲਈ ਸ਼ਤਾਬਦੀਆਂ ਸਿੱਖ ਸੰਸਥਾਵਾਂ ਵੱਲੋਂ ਹੀ ਮਨਾਈਆਂ ਜਾਣੀਆਂ ਚਾਹੀਦੀਆਂ ਹਨ।”