ਤ੍ਰਿਪਤ ਬਾਜਵਾ ਵਲੋਂ ਲਗਾਈ ਜਾਗ ਦਾ ਅਸਰ ਹੋਣਾ ਸ਼ੁਰੂ,ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਲੱਗੇ

TeamGlobalPunjab
4 Min Read

ਬਟਾਲਾ  – ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਾਵ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਣ ਲਈ ਜਿਥੇ ਪੰਜਾਬ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ ਉਥੇ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਆਪਣੀ ਜੇਬ ਵਿਚੋਂ 11.50 ਲੱਖ ਰੁਪਏ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਲਈ ਦਾਨ ਵਜੋਂ ਦਿੱਤੇ ਗਏ ਹਨ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੀਆਂ 190 ਪੰਚਾਇਤਾਂ ਨੂੰ 5000-5000 ਰੁਪਏ, ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਨੂੰ 1 ਲੱਖ ਰੁਪਏ, ਨਗਰ ਨਿਗਮ ਬਟਾਲਾ ਨੂੰ 50 ਹਜ਼ਾਰ ਰੁਪਏ ਅਤੇ ਨਗਰ ਕੌਂਸਲ ਕਾਦੀਆਂ ਨੂੰ 50 ਹਜ਼ਾਰ ਰੁਪਏ ਗਰੀਬਾਂ ਦੇ ਰਾਸ਼ਨ ਲਈ ਦੇ ਕੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਸੰਕਟ ਦੀ ਘੜ੍ਹੀ ਵਿੱਚ ਗਰੀਬਾਂ ਦੀ ਮਦਦ ਲਈ ਅੱਗੇ ਆਉਣ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਲਗਾਈ ਗਈ ਜਾਗ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਿੰਡਾਂ ਵਿੱਚ ਸ. ਬਾਜਵਾ ਦੀ ਭੇਜੀ ਦਾਨ ਦੀ ਰਕਮ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਆਪਣੇ ਕੋਲੋਂ ਵੀ ਹਿੱਸਾ ਪਾ ਕੇ ਗਰੀਬਾਂ ਅਤੇ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾ ਕੇ ਉਨ੍ਹਾਂ ਦੇ ਚੁੱਲੇ ਤਪਾ ਦਿੱਤੇ ਹਨ। ਪਿੰਡਾਂ ਦੇ ਨਾਲ ਸ. ਬਾਜਵਾ ਦੀ ਜਾਗ ਨੇ ਬਟਾਲਾ ਸ਼ਹਿਰ ਵਿੱਚ ਵੀ ਆਪਣਾ ਅਸਰ ਦਿਖਾੲਅਿਾ ਹੈ। ਬਟਾਲਾ ਸ਼ਹਿਰ ਦੇ ਵਸਨੀਕ ਰਾਜੀਵ ਵਿੱਗ ਬੱਬੂ ਨੇ 50 ਹਜ਼ਾਰ ਰੁਪਏ, ਹਿਮਾਲਿਆ ਕਲਾ ਮੰਚ ਦੇ ਸੰਚਾਲਕ ਤੇ ਸਮਾਜ ਸੇਵਕ ਅਨੀਸ਼ ਅਗਰਵਾਲ ਨੇ 50 ਹਜ਼ਾਰ ਰੁਪਏ ਅਤੇ ਠੇਕੇਦਾਰ ਸੰਨੀ ਕੁੰਦਰਾ ਨੇ ਵੀ 50 ਹਜ਼ਾਰ ਰੁਪਏ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਾਨ ਵਜੋਂ ਦਿੱਤੇ ਹਨ। ਏਨ੍ਹਾਂ ਦਾਨੀ ਸੱਜਣਾਂ ਨੇ ਇਹ ਚੈੱਕ ਅੱਜ ਬਟਾਲਾ ਵਿਖੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਜਿੰਦਰ ਸਿੰਘ ਨੂੰ ਸੌਂਪੇ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਇਨ੍ਹਾਂ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੀ ਘੜ੍ਹੀ ਵਿੱਚ ਗਰੀਬਾਂ ਦੀ ਬਾਂਹ ਫੜ੍ਹਨ ਦੀ ਜੋ ਫਰਾਖਦਿਲੀ ਏਨ੍ਹਾਂ ਦਾਨੀਆਂ ਨੇ ਦਿਖਾਈ ਹੈ ਉਸ ਲਈ ਰਾਜ ਸਰਕਾਰ ਇਨ੍ਹਾਂ ਦੀ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਦਾਨ ਦੀ ਇਸ ਰਾਸ਼ੀ ਰਾਹੀਂ ਬਟਾਲਾ ਸ਼ਹਿਰ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਜਰੂਰਤ ਦਾ ਸਮਾਨ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ। ਸ. ਬਾਜਵਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਰੀਬਾਂ ਦੀ ਮਦਦ ਲਈ ਅੱਗੇ ਆਉਣ ਅਤੇ ਜੇਕਰ ਉਨ੍ਹਾਂ ਦੇ ਗੁਆਂਢ ਕੋਈ ਪਰਿਵਾਰ ਭੁੱਖਾ ਹੈ ਤਾਂ ਉਸ ਨੂੰ ਖਾਣਾ ਦੇਣ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਵੰਡ ਛੱਕਣ ਦਾ ਹੁਕਮ ਦਿੱਤਾ ਹੈ ਅਤੇ ਸਾਨੂੰ ਇਸ ਉੱਪਰ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਆਪਣਾ ਫਰਜ ਬਾਖੂਬੀ ਨਿਭਾ ਰਹੀ ਹੈ ਅਤੇ ਸਾਰਿਆਂ ਦੇ ਸਹਿਯੋਗ ਤੇ ਯਤਨਾ ਸਦਕਾ ਪੰਜਾਬ ਛੇਤੀ ਹੀ ਇਸ ਸੰਕਟ ਵਿਚੋਂ ਬਾਹਰ ਨਿਕਲ ਜਾਵੇਗਾ।

ਇਸ ਮੌਕੇ ਸ. ਬਾਜਵਾ ਦੇ ਨਾਲ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਜਿੰਦਰ ਸਿੰਘ, ਐੱਸ.ਪੀ. ਜਸਬੀਰ ਸਿੰਘ ਰਾਏ, ਡੀ.ਐੱਸ.ਪੀ. ਸਿਟੀ ਡਾ. ਬਾਲ ਕ੍ਰਿਸ਼ਨ ਸ਼ਰਮਾਂ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਗੌਤਮ ਸੇਠ ਗੁੱਡੂ ਆਦਿ ਹਾਜ਼ਰ ਸਨ।

- Advertisement -

Share this Article
Leave a comment