ਲਾਪਤਾ ਤੇ ਜੇਲ੍ਹ ‘ਚ ਬੰਦ ਨੌਜਵਾਨਾਂ ਦੇ ਮਾਮਲੇ ਸਬੰਧੀ ਸਹਾਇਤਾ ਲਈ ਹੈਲਪਲਾਈਨ ਵਾਲਾ ਕੰਟਰੋਲ ਰੂਮ ਸਥਾਪਿਤ: ਸੁਖਬੀਰ ਬਾਦਲ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਨੇ 26 ਜਨਵਰੀ ਤੋਂ ਲਾਪਤਾ ਜਾਂ ਗਲਤ ਤਰੀਕੇ ਗ੍ਰਿਫਤਾਰ ਕੀਤੇ ਤੇ ਜੇਲ੍ਹ ਭੇਜੇ ਗਏ ਨੌਜਵਾਨਾਂ ਦੇ ਪਰਿਵਾਰਾਂ ਦੀ ਕਾਨੂੰਨੀ ਮਦਦ ਸਮੇਤ ਹਰ ਤਰੀਕੇ ਦੀ ਮਦਦ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਹੈ।

ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਆਖਿਆ ਕਿ ਉਹ ਯਕੀਨੀ ਬਣਾਉਣ ਕਿ ਜਿਹੜੇ ਨੌਜਵਾਨ ਕਿਸਾਨ ਮਾਰਚ ਵਿਚ ਸ਼ਾਮਲ ਹੋਏ ਸਨ, ਦਿੱਲੀ ਪੁਲਿਸ ਝੁਠੇ ਦੋਸ਼ਾਂ ਦੇ ਆਧਾਰ ’ਤੇ ਉਹਨਾਂ ਨੁੰ ਪੰਜਾਬ ਵਿਚੋਂ ਗ੍ਰਿਫਤਾਰ ਨਾ ਕਰੇ।

ਅੱਜ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਕੰਟਰੋਲ ਰੂਮ ਪੰਜਾਬ ਤੇ ਗੁਆਂਢੀ ਰਾਜਾਂ ਦੇ ਉਹਨਾਂ ਕਿਸਾਨ ਪਰਿਵਾਰਾਂ ਦੀ ਮਦਦ ਕਰੇਗਾ ਜਿਹਨਾਂ ਦੇ ਪਰਿਵਾਰਕ ਮੈਂਬਰ 26 ਜਨਵਰੀ ਦੇ ਕਿਸਾਨ ਮਾਰਚ ਵੇਲੇ ਤੋਂ ਲਾਪਤਾ ਜਾਂ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਤੇ ਜੇਲ੍ਹ ਭੇਜੇ ਗਏ ਹਨ। ਉਹਨਾਂ ਕਿਹਾ ਕਿ 50 ਦੇ ਕਰੀਬ ਨੌਜਵਾਨ ਲਾਪਤਾ ਦੱਸੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਰੇ ਪ੍ਰਭਾਵਤ ਪਰਿਵਾਰ ਸਾਡੇ ਨਾਲ ਰਾਬਤਾ ਕਾਇਮ ਕਰਨ। ਉਹਨਾਂ ਕਿਹਾ ਕਿ ਇਹ ਪਰਿਵਾਰ ਕੰਟਰੋਲ ਰੂਮ ਆ ਸਕਦੇ ਹਨ ਤੇ ਅਸੀਂ ਕਾਨੂੰਨੀ ਸਹਾਇਤਾ ਸਮੇਤ ਇਹਨਾਂ ਦੀ ਹਰ ਤਰੀਕੇ ਦੀ ਮਦਦ ਕਰਾਂਗੇ ਤੇ ਇਹਨਾਂ ਦੇ ਦਿੱਲੀ ਵਿਚ ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਠਹਿਰਣ ਦਾ ਪ੍ਰਬੰਧ ਵੀ ਕਰਾਂਗੇ।

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਪ੍ਰਭਾਵਤ ਪਰਿਵਾਰਾਂ ਦੀ ਸਹੂਲਤ ਲਈ ਤਿੰਨ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ। ਇਹਨਾਂ ਵਿਚੋਂ ਜਗਦੀਪ ਸਿੰਘ ਕਾਹਲੋਂ (93105 10640) ਅਤੇ ਜਸਵਿੰਦਰ ਸਿੰਘ ਜੌਲੀ (9891 00001) ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਪਲਬਧ ਹੋਣਗੇ ਜਦਕਿ ਉਹਨਾਂ ਦੇ ਨਿੱਜੀ ਸਕੱਤਰ ਹਰਦੀਪ ਸਿੰਘ (98913 59904) ਉਹਨਾਂ ਦੀ ਦਿੱਲੀ ਵਿਚ ਸਰਕਾਰੀ ਰਿਹਾਇਸ਼ ’ਤੇ ਉਪਲਬਧ ਹੋਣਗੇ।

- Advertisement -

ਬਾਦਲ ਨੇ ਕਿਹਾ ਕਿ ਜਿਹੜੇ ਲਾਪਤਾ ਹਨ ਜਾਂ ਜੇਲ੍ਹਾਂ ਵਿਚ ਬੰਦ ਹਨ, ਉਹ ਸਾਡੇ ਬੱਚੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਆਖਿਆ ਹੈ ਕਿ ਉਹ ਲਾਪਤਾ ਨੌਜਵਾਨਾਂ ਦੀ ਤਲਾਸ਼ ਲਈ ਹਰ ਸੰਭਵ ਯਤਨ ਕਰਨ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੂੰ ਵੀ ਆਖਿਆ ਕਿ ਉਹ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰ ਕੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਤਾ ਜੋ ਇਹਨਾਂ ਦੇ ਕੇਸ ਸਰਗਰਮੀ ਨਾਲ ਚੁੱਕੇ ਜਾ ਸਕਣ। ਉਹਨਾਂ ਕਿਹਾ ਕਿ ਇਸੇ ਤਰੀਕੇ ਪਾਰਟੀ ਪੰਜਾਬ ਤੇ ਗੁਆਂਢੀ ਰਾਜਾਂ ਤੋਂ ਕਿਸਾਨ ਮਾਰਚ ਵਿਚ ਸ਼ਾਮਲ ਹੋਏ ਨੌਜਵਾਨਾਂ ਜਿਹਨਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ ਹਨ, ਦੀ ਜਾਣਕਾਰੀ ਵੀ ਇਕੱਤਰ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਹਰ ਕੇਸ ਦੀ ਪੈਰਵਈ ਕਰਨ ਦ੍ਰਿੜ੍ਹ ਸੰਕਲਪ ਹਾਂ।

ਦਿੱਲੀ ਪੁਲਿਸ ਵੱਲੋਂ ਕਿਸਾਨ ਮਾਰਚ ਵਿਚ ਸ਼ਾਮਲ ਨੌਜਵਾਨਾਂ ਜਿਹਨਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ, ਤੇ ਜਿਹਨਾਂ ਦੀ ਭਾਲ ਵਿਚ ਦਿੱਲੀ ਪੁਲਿਸ ਛਾਪੇਮਾਰੀ ਕਰ ਰਹੀ ਹੈ, ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਯਕੀਨੀ ਬਦਾਉਣ ਕਿ ਸੂਬੇ ਦੇ ਨੌਜਵਾਨਾਂ ਨਾਲ ਅਨਿਆਂ ਨਾ ਹੋਵੇ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੂਬਾ ਪੁਲਿਸ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਇਹਨਾਂ ਨੌਜਵਾਨ ਖਿਲਾਫ ਲਗਾਏ ਗਏ ਦੋਸ਼ਾਂ ਦੀ ਸੱਚਾਈ ਦਾ ਪਤਾ ਲਾਵੇ ਅਤੇ ਉਹਨਾਂ ਨੁੰ ਢੁਕਵੀਂ ਰਾਹਤ ਮਿਲਣੀ ਯਕੀਨੀ ਬਣਾਈ ਜਾਵੇ।

ਬਾਦਲ ਨੇ ਹਸਪਤਾਲ ਵਿਚ ਅਰਸ਼ਦੀਪ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਿਸਦੀ ਲੱਤ ਵਿਚ ਗੋਲੀ ਲੱਗੀ ਸੀ ਤੇ ਉਹ ਹਸਪਤਾਲ ਦਾਖਲ ਹੈ। ਉਹਨਾਂ ਦੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਹਰ ਮਦਦ ਦਾ ਭਰੋਸਾ ਦੁਆਇਆ। ਉਹਨਾਂ ਨੇ ਡਾਕਟਰਾਂ ਤੋਂ ਵੀ ਅਰਸ਼ਦੀਪ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਡਾਕਟਰਾਂ ਨੇ ਭਰੋਸਾ ਦੁਆਇਆ ਕਿ ਅਰਸ਼ਦੀਪ ਦੀ ਹਾਲਤ ਹੁਣ ਸਥਿਰ ਤੇ ਉਸਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

Share this Article
Leave a comment