ਸੰਪਰਕ, ਸੰਵਾਦ ਤੇ ਸਮਾਧਾਨ

TeamGlobalPunjab
4 Min Read

-ਇਕਬਾਲ ਸਿੰਘ ਲਾਲਪੁਰਾ

ਖੇਤੀ ਨਾਲ ਸੰਬੰਧਤ ਤਿੰਨ ਕਾਨੂੰਨ ਭਾਰਤ ਸਰਕਾਰ ਵੱਲੋਂ ਪਾਸ ਕਰਨ ਦੇ ਵਿਰੋਧ ਵਿੱਚ, ਪੰਜਾਬ ਦੇ ਕਿਸਾਨ ਤੇ ਵਿਰੋਧੀ ਰਾਜਨੀਤਿਕ ਪਾਰਟੀਆਂ ਸੜਕਾਂ, ਰੇਲ ਪਟੜੀਆਂ ਤੇ ਟੋਲ ਪਲਾਜਿਆਂ ਉਪਰ ਧਰਨਾ ਦੇ ਰਹੀਆਂ ਹਨ। ਕਾਨੂੰਨ ਕਿਸਾਨ ਦੀ ਆਮਦਨ ਦੁਗਣੀ ਕਰ ਸਕਣਗੇ ਜਾਂ ਕਿਸਾਨ ਨੂੰ ਨੁਕਸਾਨ ਹੋਵੇਗਾ, ਇਹ ਵਕਤ ਨੇ ਦੱਸਣਾ ਹੈ।

ਸਮੱਸਿਆਵਾਂ ਦਾ ਹੱਲ ਸੰਪਰਕ ਤੇ ਸੰਵਾਦ ਰਾਹੀਂ ਹੁੰਦਾ ਹੈ, ਲੋਕ ਰਾਜ ਅੰਦਰ ਇਸ ਲਈ ਜ਼ੁਮੇਵਾਰੀ ਕਿਸ ਦੀ ਹੈ? ਇਹ ਗੱਲ ਵਿਚਾਰਨ ਵਾਲੀ ਹੈ। ਹਰ ਪੰਜ ਸਾਲ ਬਾਅਦ ਆਮ ਨਾਗਰਿਕ ਆਪਣੇ, ਨੁਮਾਇੰਦੇ ਲੋਕ ਸਭਾ ਤੇ ਵਿਧਾਨ ਸਭਾ ਲਈ ਚੁਣਦੇ ਹਨ। ਅੱਜ ਵੀ ਸਿੱਧੇ ਚੁਣੇ 13 ਮੈਂਬਰ ਪਾਰਲੀਮੈਂਟ, 7 ਰਾਜ ਸਭਾ ਮੈਂਬਰ 117 ਐਮ ਐਲ ਏ ਕੁਲ 137 ਆਗੂ ਪੰਜਾਬੀ ਲੋਕਾਂ ਦੀ ਰਹਿਨੁਮਾਈ ਕਰ ਰਹੇ ਹਨ। ਲੋਕ ਸਰਮਾਏ ਵਿੱਚੋਂ ਤਨਖਾਹਾਂ, ਭੱਤੇ, ਬੰਗਲੇ, ਕਾਰਾਂ ਤੇ ਕੁਰਸੀਆਂ ਦਾ ਆਨੰਦ ਮਾਣ ਰਹੇ ਹਨ।

ਆਪਣੀ ਤਨਖ਼ਾਹ ਭੱਤੇ ਵਧਾਉਣ ਲਈ ਇਹ ਇਕ ਮਤ ਇਕੱਠੇ ਹੋ ਕੇ ਫ਼ੈਸਲੇ ਕਰਦੇ ਹਨ, ਤੇ ਸਮਾਜਿਕ ਮਿਲਵਰਤਣ ਵੀ ਇੱਕਠਾ ਹੀ ਹੈ।

- Advertisement -

ਕੇਂਦਰ ਸਰਕਾਰ ਵੀ ਲੋਕ ਰਾਜ਼ੀ ਢੰਗ ਨਾਲ ਚੁਣੀ ਗਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਰਾਜ ਦਾ ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਰਾਹੀਂ ਸਭ ਧਿਰਾਂ ਨੂੰ ਨਾਲ ਲੈ ਕੇ ਸੀਨੀਅਰ ਸਰਕਾਰੀ ਵਕੀਲ ਦੀ ਕਾਨੂੰਨੀ ਰਾਏ ਅਨੂਸਾਰ, ਮਾਨਯੋਗ ਪ੍ਰਧਾਨ ਮੰਤਰੀ ਜੀ ਜਾਂ ਕੇੰਦਰੀ ਖੇਤੀ ਮੰਤਰੀ ਨੂੰ ਮਿਲ ਕੇ, ਲੋਕਾਂ ਦੇ ਸ਼ੰਕੇ ਤੇ ਡਰ ਦੂਰ ਕਰਨ ਦੀ ਥਾਂ, ਟਰੈਕਟਰ ਤੇ ਸੋਫੈ ਦੀਆਂ ਸੀਟਾਂ ਲਾ ਕੇ ਸੜਕਾਂ ‘ਤੇ ਗੇੜੀ ਮਾਰ ਰਹੇ ਹਨ, ਦਿੱਲੀ ਕਿਉਂ ਨਹੀਂ ਜਾਂਦੇ?

ਕਾਨੂੰਨ ਬਨਣ ਤੋਂ ਬਾਅਦ ਕੇਵਲ ਮਾਨਯੋਗ ਸੁਪਰੀਮ ਕੋਰਟ ਹੀ, ਇਸ ਦੀ ਸਮੀਖਿਆ ਕਰ ਸਕਦਾ ਹੈ, ਕਿ ਇਹ ਕਾਨੂੰਨ, ਭਾਰਤੀ ਸੰਵਿਧਾਨ ਦੀ ਰੂਹ ਦੇ ਵਿਰੁੱਧ ਤਾਂ ਨਹੀਂ, ਇਕ ਕਲਾਕਾਰ ਤੋਂ ਐਮ ਪੀ ਬਣਿਆ ਵਿਅਕਤੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾ ਕੇ ਦੇਣ ਦੀ ਗੱਲ ਆਖ, ਲੋਕ ਭਾਵਨਾਵਾਂ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ।

ਜਿਨ੍ਹਾਂ ਨੇ ਕਿਸਾਨ ਤੇ ਕਿਸਾਨੀ ਦੀ ਗੱਲ ਕਰ ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਬਣ 20 ਸਾਲ ਤੋਂ ਵੱਧ ਪੰਜਾਬ ਤੇ ਕੇੰਦਰ ਵਿੱਚ ਕੁਰਸੀ ਦਾ ਨਿੱਘ ਮਾਣਦੇ, ਖੇਤੀ ਉਪਜ ਨੂੰ ਪ੍ਰਾਸੈੱਸ ਕਰਨ ਲਈ ਇਕ ਵੀ ਕਾਰਖ਼ਾਨਾ ਪੰਜਾਬ ਵਿੱਚ ਨਹੀਂ ਲਗਵਾਇਆ ਤੇ ਨਾ ਹੀ ਪਲਾਨ ਕੀਤਾ ਹੈ, ਉਹ ਚੀਚੀ ਨੂੰ ਖ਼ੂਨ ਲਾ ਕੇ ਸ਼ਹੀਦ ਦਾ ਦਰਜਾ ਲੱਭਦੇ ਹਨ।

ਕੁਝ ਨੂੰ ਸਟੇਜ ‘ਤੇ ਹੋਰ ਕਲਾਕਾਰਾਂ ਲਈ ਵੀ ਕੋਵਿਡ ਵਿੱਚ ਘਰ ਬੈਠਣ ਦੀ ਥਾਂ ਟੀ ਆਰ ਪੀ ਵਧਾਉਣ ਲਈ ਮੌਕਾ ਵੀ ਮਿਲ ਗਿਆ ਹੈ।

ਕਿਸਾਨ ਪੰਜਾਬ ਦੀ ਰੂਹ ਤੇ ਰੀੜ ਦੀ ਹੱਡੀ ਹੈ, ਇਹ ਵੀਰ ਸੜਕਾਂ ‘ਤੇ ਨਾ ਰੁਲ਼ੇ ਨਾ ਹੀ ਗੁਮਰਾਹ ਹੋਵੈ, ਇਸ ਲਈ ਉੱਦਮ ਕਰਨ ਦੀ ਲੋੜ ਹੈ।

- Advertisement -

ਮੇਰੀ ਅਪੀਲ ਖੇਤੀਬਾੜੀ ਮਾਹਿਰਾਂ, ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰਾਂ, ਸਬ ਡਵੀਜਨ, ਜਿਲਾ ਤੇ ਹਾਈ ਕੋਰਟ ਦੇ ਉਚ ਕਾਨੂੰਨੀ ਮਾਹਿਰਾਂ, ਕਿਸਾਨ ਵੀਰ ਤੇ ਆਗੂਆਂ ਨੂੰ ਹੈ ਕਿ ਜਜਬਾਤ ਦੀ ਥਾਂ ਗਿਆਨ, ਲੰਬੀ ਸੋਚ ਤੇ ਦੂਰਅੰਦੇਸ਼ੀ ਨਾਲ ਪੰਜਾਬ ਨੂੰ ਇਸ ਅਜ਼ਾਬ ਵਿੱਚੋਂ ਕੱਢਣ ਲਈ, ਆਪਸੀ ਸਹਿਯੋਗ ਨਾਲ ਮਿਲ ਕੇ, ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਲੱਭੀਏ।

ਕਿਧਰੇ ਅੜੀਅਲ ਵਤੀਰਾ ਤੇ ਰਾਜਸੀ ਲਾਭ ਮੁੱਦਾ, ਬਣ ਪੰਜਾਬੀਆਂ ਨੂੰ ਮੁੜ ਭੱਠੀ ਵਿੱਚ ਨਾ ਸੁੱਟ ਦੇਵੇ, ਇਹ ਵੀ ਗੰਭੀਰ ਚਿੰਤਨ ਦਾ ਵਿਸ਼ਾ ਹੈ। ਸਭ ਨੂੰ ਸੰਪਰਕ, ਸੰਵਾਦ ਤੇ ਸਹਿਯੋਗ ਦੀ ਬੇਨਤੀ ਨਾਲ। (ਲੇਖਕ ਦੇ ਨਿਜੀ ਵਿਚਾਰ ਹਨ)

Share this Article
Leave a comment