ਨਵੀਂ ਦਿੱਲੀ:- ਕਿਸਾਨ ਜੱਥੇਬੰਦੀਆਂ ਨੇ ਸਰਕਾਰੀ ਏਜੰਸੀਆਂ ’ਤੇ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਸਿੰਘੂ ਸਰਹੱਦ ‘ਤੇ ਬੈਠੇ ਕਿਸਾਨਾਂ ਨੇ ਇਕ ਵਿਅਕਤੀ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਕਿਸਾਨ ਨੇਤਾਵਾਂ ਨੇ ਦੋਸ਼ ਲਾਇਆ ਕਿ ਇਹ ਆਦਮੀ ਤੇ ਉਸ ਦੇ ਹੋਰ ਸਾਥੀ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਗੋਲੀ ਚਲਾਉਣ ਅਤੇ ਸਟੇਜ ਉੱਤੇ ਚਾਰ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਰਚਣ ਕਰਕੇ ਇਥੇ ਆਇਆ ਸੀ।
ਮੀਡੀਆ ਸਾਹਮਣੇ ਪੇਸ਼ ਕੀਤੇ ਇਸ ਵਿਅਕਤੀ ਨੇ ਕਿਹਾ, ”ਸਾਨੂੰ ਇਸ ਕੰਮ ਲਈ ਹਥਿਆਰ ਮਿਲੇ ਹੋਏ ਹਨ। ਜਿਵੇਂ ਹੀ ਕਿਸਾਨ 26 ਜਨਵਰੀ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ, ਤੇ ਜੇ ਉਹ ਨਾ ਰੋਕਦੇ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਦਾ ਆਦੇਸ਼ ਸੀ। ਸਾਡੀ 10 ਬੰਦਿਆਂ ਦੀ ਦੂਜੀ ਟੀਮ ਨੇ ਪਿੱਛੇ ਤੋਂ ਫਾਇਰਿੰਗ ਕਰਨੀ ਸੀ, ਜਿਸ ਕਰਕੇ ਦਿੱਲੀ ਪੁਲਿਸ ਨੂੰ ਮਹਿਸੂਸ ਹੋਵੇ ਕਿ ਕਿਸਾਨਾਂ ਨੇ ਅਜਿਹਾ ਕੀਤਾ ਹੈ।”
ਇਸ ਤੋਂ ਇਲਾਵਾ ਵਿਅਕਤੀ ਨੇ ਕਿਹਾ ਜਿਹੜਾ ਸਾਨੂੰ ਇਹ ਸਾਰਾ ਕੁੱਝ ਸਿਖਾਉਂਦਾ ਹੈ ਉਸਦਾ ਨਾਮ ਪ੍ਰਦੀਪ ਸਿੰਘ ਹੈ। ਉਹ ਰਾਈ ਥਾਣੇ ਦਾ ਐਸਐਚਓ ਹੈ। ਜਦੋਂ ਵੀ ਉਹ ਸਾਨੂੰ ਮਿਲਣ ਆਉਂਦਾ ਸੀ, ਉਹ ਆਪਣਾ ਮੂੰਹ ਢੱਕ ਕੇ ਆਉਂਦਾ ਸੀ। ਅਸੀਂ ਉਸ ਦਾ ਬੈਚ ਵੇਖਿਆ ਹੈ ਤੇ ਜਿਹੜੇ ਲੋਕ ਮਾਰਨੇ ਸਨ ਉਨ੍ਹਾਂ ਦੇ ਨਾਮ ਨਹੀਂ ਜਾਣਦੇ, ਉਨ੍ਹਾਂ ਦੀਆਂ ਫੋਟੋਆਂ ਦਿੱਤੀਆਂ ਹੋਈਆਂ ਹਨ।
ਉਧਰ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਉਨ੍ਹਾਂ ਦੇ ਅੰਦੋਲਨ ਤੇ ਟਰੈਕਟਰ ਪਰੇਡ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਿਸਾਨ ਲੀਡਰਾਂ ਨੇ ਇਸ ਵਿਅਕਤੀ ਨੂੰ ਮੀਡੀਆ ਅੱਗੇ ਪੇਸ਼ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਅੰਦੋਲਨ ਵਿੱਚ ਸ਼ਾਮਿਲ ਸਭ ਨੂੰ ਚੌਕਸ ਰਹਿਣ ਲਈ ਕਿਹਾ ਹੈ।