ਖੰਨਾ: ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦਾ ਖੰਨਾ ‘ਚ ਉਨ੍ਹਾਂ ਦੀ ਰਿਹਾਇਸ਼ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਘਿਰਾਓ ਕੀਤਾ ਗਿਆ। ਹਾਲਾਂਕਿ ਸ਼ਮਸ਼ੇਰ ਸਿੰਘ ਦੂਲੋਂ ਆਪਣੇ ਘਰ ਮੌਜੂਦ ਨਹੀਂ ਸਨ, ਪਰ ਕਾਂਗਰਸੀ ਵਰਕਰ ਘਰ ਦੇ ਬਾਹਰ ਹੀ ਧਰਨਾ ਲਗਾ ਬੈਠੇ। ਵਿਰੋਧ ਕਰ ਰਹੇ ਕਾਂਗਰਸੀ ਰਾਏਕੋਟ ਤੋਂ ਸਨ। ਹਾਲਾਂਕਿ ਉਨ੍ਹਾਂ ਦੇ ਨਾਲ ਖੰਨਾ ਇਕਾਈ ਦਾ ਕੋਈ ਵੀ ਕਾਂਗਰਸੀ ਵਰਕਰ ਹਾਜ਼ਰ ਨਹੀਂ ਸੀ।
ਧਰਨੇ ‘ਤੇ ਬੈਠੇ ਰਾਏਕੋਟ ਤੋਂ ਕਾਂਗਰਸੀ ਵਰਕਰਾਂ ਨੇ ਮੰਗ ਕੀਤੀ ਕਿ ਸ਼ਮਸ਼ੇਰ ਸਿੰਘ ਦੂਲੋਂ ਪਾਰਟੀ ਵਿਰੋਧੀ ਬਿਆਨਬਾਜ਼ੀ ਨਾ ਕਰਨ। ਇਸ ਨਾਲ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਹੋ ਸਕਦਾ ਹੈ। ਰਾਏਕੋਟ ਤੋਂ ਕਾਂਗਰਸੀ ਵਰਕਰਾਂ ਦਾ ਰੋਸ ਹੈ ਕਿ ਸ਼ਮਸ਼ੇਰ ਸਿੰਘ ਦੂਲੋਂ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।
ਰਾਜ ਸਭਾ ਮੈਂਬਰ ਸ਼ਮਸ਼ੇਰ ਦੂਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਖਿਲਾਫ ਮੋਰਚਾ ਖੋਲ੍ਹਿਆ ਹੈ। ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਮੁੱਦੇ ‘ਤੇ ਦੂਲੋ ਅਤੇ ਐੱਮ.ਪੀ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਫੇਲ ਕਰਾਰ ਦਿੱਤਾ ਸੀ, ਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਕੀਤੀ ਕਿ ਇਸ ਦੀ ਜਾਂਚ ਸੀਬੀਆਈ ਤੋਂ ਹੋਵੇ।
ਇਸ ਤੋਂ ਪਹਿਲਾਂ ਵੀ ਸ਼ਰਾਬ ਦੇ ਨਾਲ ਪਏ ਵਿੱਤੀ ਘਾਟੇ ਨੂੰ ਲੈ ਕੇ ਵੀ ਸ਼ਮਸ਼ੇਰ ਸਿੰਘ ਦੂਲੋਂ ਨੇ ਕੈਪਟਨ ਖਿਲਾਫ ਆਵਾਜ਼ ਚੁੱਕੀ ਸੀ। ਇਸੇ ਰੋਸ ਵਜੋਂ ਅੱਜ ਰਾਏਕੋਟ ਤੋਂ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਖੰਨਾ ਪਹੁੰਚੇ ਅਤੇ ਸ਼ਮਸ਼ੇਰ ਸਿੰਘ ਦੂਲੋ ਦੀ ਰਿਹਾਇਸ਼ ਦਾ ਘਿਰਾਓ ਕੀਤਾ।