ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਨ ਦਾ ਦੌਰ ਲਗਾਤਾਰ ਜਾਰੀ ਹੈ। ਸਿੱਧੂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਉਨ੍ਹਾਂ ਦੀ ਹਮਾਇਤ ਕਰਨ ਲਈ ਧੰਨਵਾਦ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਮਿਲਣ ਲਈ ਪਹੁੰਚੇ । ਇੱਥੇ ਸਿੱਧੂ ਅਤੇ ਬਾਕੀ ਕਾਰਜਕਾਰਨੀ ਪ੍ਰਧਾਨਾਂ ਦਾ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਸੁਆਗਤ ਕੀਤਾ ਅਤੇ ਸਿੱਧੂ ਦੇ ਹੱਕ ਵਿੱਚ ਏਕਤਾ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਹਾਸਲ ਕੀਤਾ। ਭੱਠਲ ਨੇ ਸਿੱਧੂ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਿੱਧੂ ਸਾਡੇ ਤੋਂ ਵੀ ਚਾਰ ਕਦਮ ਅੱਗੇ ਹੋ ਕੇ ਪਾਰਟੀ ਲਈ ਕੰਮ ਕਰਨਗੇ ਅਤੇ ਸਾਡਾ ਸਿਰ ਕਦੇ ਵੀ ਨਹੀਂ ਝੁੱਕਣ ਦੇਣਗੇ |
ਦਰਅਸਲ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦੇ ਉਹ ਵਿਧਾਇਕ ਵੀ ਸਿੱਧੂ ਦੇ ਹੱਕ ਵਿੱਚ ਅੱਗੇ ਆ ਰਹੇ ਹਨ ਜਿਹੜੇ ਕੈਪਟਨ ਦੇ ਕੈਂਪ ਦੇ ਮੰਨੇ ਜਾਂਦੇ ਹਨ। ਉਧਰ ਸਿੱਧੂ ਵੀ ਆਪਣੇ ਇਸ ਸ਼ਕਤੀ ਪ੍ਰਦਰਸ਼ਨ ਨਾਲ ਕਾਂਗਰਸ ਹਾਈ ਕਮਾਨ ਨੂੰ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ ਹਨ ਕਿ ਵੱਡੀ ਗਿਣਤੀ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਨ।