ਮੋਰਿੰਡਾ : ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਕਾਂਗਰਸ ਦੇ ਵੱਡੇ ਲੀਡਰਾਂ ਸਣੇ ਮੌਜੂਦ ਕਾਂਗਰਸੀਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਸਰਬ ਸੰਮਤੀ ਨਾਲ ਇੱਕ ਕਮੇਟੀ ਬਣਾਈ ਗਈ ਹੈ। ਚਰਨਜੀਤ ਚੰਨੀ ਦੇ ਸੱਦੇ ‘ਤੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ, ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ, ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ ਘੁਬਾਇਆ, ਤਰਕਬੀਰ ਸਿੰਘ ਬੁਲਾਰੀਆ, ਡੀ.ਸੀ. ਦਰਸ਼ਨ ਬਰਾੜ, ਹਰਮਿੰਦਰ ਸਿੰਘ ਗਿੱਲ, ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਕਮਲਜੀਤ ਕਰਵਲ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਦਿਨੇਸ਼ ਬੱਸੀ, ਦਲਬੀਰ ਗੋਲਡੀ, ਸਾਬਕਾ ਵਿਧਾਇਕ ਪਿਰਮਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੰਨੀ ਦੇ ਘਰ ਪੁੱਜੇ।
ਦਰਅਸਲ, ਕਾਂਗਰਸ ਹਾਈਕਮਾਨ ਨੇ ਪੰਜਾਬ ਸੰਗਠਨ ਵਿੱਚ ਫੇਰਬਦਲ ਕੀਤਾ ਹੈ, ਜਿਸ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਅਹੁਦਿਆਂ ‘ਤੇ ਬਰਕਰਾਰ ਰੱਖਿਆ ਗਿਆ ਹੈ। ਸਾਰੇ ਧੜਿਆਂ ਨੂੰ ਇਕੱਠੇ ਕਰਨ ਲਈ ਚਾਰ ਨਵੀਆਂ ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਇਸ ਵਾਰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਹਾਈਕਮਾਨ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਹਾਈਕਮਾਨ ਦੇ ਇਸ ਫੈਸਲੇ ਨੇ ਆਗੂਆਂ ਵਿੱਚ ਇੰਨੀ ਜ਼ਿਆਦਾ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਕਿ ਨਵੀਆਂ ਕਮੇਟੀਆਂ ਵਿੱਚ ਸ਼ਾਮਲ ਜ਼ਿਆਦਾਤਰ ਆਗੂਆਂ ਨੇ ਅਜੇ ਤੱਕ ਜਨਤਕ ਤੌਰ ‘ਤੇ ਹਾਈਕਮਾਨ ਦਾ ਧੰਨਵਾਦ ਨਹੀਂ ਕੀਤਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੋਈ ਵੀ ਧੜਾ ਇਸ ਸੰਗਠਨਾਤਮਕ ਪੁਨਰਗਠਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ।
ਮੀਟਿੰਗ ਤੋਂ ਬਾਅਦ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਾਰਿਆਂ ਨੇ ਚੰਨੀ ਨੂੰ ਹਾਈਕਮਾਨ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ। ਉਹ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ। ਸਾਡਾ ਹਾਈਕਮਾਨ ਨਾਲ ਕੋਈ ਟਕਰਾਅ ਨਹੀਂ ਹੈ। ਬੱਸ ਚੰਨੀ ਹਾਈਕਮਾਂਡ ਵੱਲੋਂ ਲਏ ਗਏ ਫੈਸਲੇ ਤੋਂ ਨਾਖੁਸ਼ ਹਨ। ਵੜਿੰਗ ਦੀ ਪ੍ਰਧਾਨਗੀ ਜਿਆਦਾਤਰ ਆਗੂਆਂ ਨੂੰ ਮਨਜ਼ੂਰ ਨਹੀਂ ਹੈ। ਸਡਾ ਸੁਝਾਅ ਹੈ ਕਿ ਹਾਈਕਮਾਨ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਇਸ ਦੌਰਾਨ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਵੇਰੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਵੀ ਨਜਰ ਆਏ। ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਰੰਧਾਵਾ ਨੇ ਕਿਹਾ, “ਚੰਨੀ ਅਤੇ ਰਾਜਾ ਵੜਿੰਗ ਤੋਂ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਪੁੱਛੋ।ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੀਆਂ ਮੀਟਿੰਗਾਂ ਦੇ ਬਾਵਜੂਦ ਜੇਕਰ ਅਜਿਹੀ ਸਥਿਤੀ ਪੈਦਾ ਹੋਈ ਹੈ ਤਾਂ ਇਹ ਬੜੀ ਹੀ ਮੰਦਭਾਗੀ ਗੱਲ ਹੈ ।” ਉਨ੍ਹਾਂ ਇਹ ਵੀ ਕਿਹਾ ਕਿ ਸ਼ਾਹ ਨਾਲ ਮੁਲਾਕਾਤ ਪਹਿਲਾਂ ਤੋਂ ਤੈਅ ਸੀ।

