ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਦਾ ਦਾ ਇਜਲਾਸ ਸਿਰਫ ਇਕ ਦਿਨ ਤੱਕ ਸਮੇਟਣ ਨੂੰ ਪੰਜਾਬ ਸਰਕਾਰ ਵੱਲੋਂ ਇਹ ਕਬੂਲ ਕਰਨਾ ਕਰਾਰ ਦਿੱਤਾ ਹੈ ਕਿ ਉਸਨੇ ਸਰਕਾਰ ਚਲਾਉਣ ਲਈ ਮਿਲਿਆ ਫਤਵਾ ਗੁਆ ਲਿਆ ਹੈ ਤੇ ਉਸਨੂੰ ਹੁਣ ਲੋਕਾਂ ਦੇ ਪ੍ਰਤੀਨਿਧਾਂ ਨੂੰ ਵੀ ਮੂੰਹ ਦਿਖਾਉਣਾ ਔਖਾ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਹਾਰ ਨੂੰ ਕਾਇਰਤਾ ਪੂਰਨ ਕਬੂਲਣਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ ਸੈਸ਼ਨ ਨੂੰ ਸਿਰਫ ਇਕ ਦਿਨ ਤੱਕ ਸਮੇਟਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਦੇ ਮੁੱਦਿਆਂ ‘ਤੇ ਬਣਾਏ ਲੋਕਤੰਤਰੀ ਦਬਾਅ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਅਸੀਂ ਲੋਕ ਵਿਰੋਧੀ ਨੀਤੀਆਂ ਤੇ ਫੈਸਲੇ ਲੈਣ ‘ਤੇ ਸਰਕਾਰ ਨੂੰ ਕੰਧ ਵੱਲ ਧੱਕ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਸਾਡੀ ਮੁਹਿੰਮ ਦੇ ਦਬਾਅ ਹੇਠ ਹੈ।
ਅਕਾਲੀ ਆਗੂ ਨੇ ਕਿਹਾ ਕਿ ਪਿਛਲੇ ਤਕਰੀਬਨ 4 ਸਾਲਾਂ ਦੌਰਾਨ ਮੁੱਖ ਮੰਤਰੀ ਤੇ ਉਹਨਾਂ ਦੇ ਸਹਿਯੋਗੀ ਤਕਰੀਬਨ ਇਕਾਂਤਵਾਸ ਵਿਚ ਹੀ ਰਹੇ ਹਨ ਅਤੇ ਪੁਲਿਸ ਨੇ ਉਹਨਾਂ ਨੂੰ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਪੁਲਿਸ ਉਹਨਾਂ ਦਾ ਵਿਧਾਨ ਸਭਾ ਦੇ ਅੰਦਰ ਸਾਡੇ ਵੱਲੋਂ ਲੋਕਾਂ ਦੀ ਲੜਾਈ ਤੋਂ ਬਚਾਅ ਨਹੀਂ ਕਰ ਸਕਦੀ। ਇਸ ਵਾਸਤੇ ਉਹਨਾਂ ਨੇ ਸਾਡਾ ਸਾਹਮਣਾ ਕਰਨ ਦੀ ਥਾਂ ਭੱਜ ਜਾਣਾ ਹੀ ਬੇਹਤਰ ਸਮਝਿਆ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਆਖਿਆ ਕਿ ਇਕ ਦਿਨ ਦਾ ਸੈਸ਼ਨ ਵੀ ਸੰਵਿਧਾਨਕ ਮਜਬੂਰੀ ਹੈ ਜਿਸ ਤੋਂ ਕਾਂਗਰਸ ਸਰਕਾਰ ਭੱਜ ਨਹੀਂ ਸਕਦੀ।
ਉਹਨਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਹਾਲਾਤ ਵਸੋਂ ਬਾਹਰ ਹੋਣਾ, ਜ਼ਹਿਰੀਲੀ ਸ਼ਰਾਬ ਕਾਰਨ ਬੇਹਿਸਾਬ ਮੌਤਾਂ, ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਦਾ ਸੰਕਟ ਤੇ ਮੋਟਨੇਕ ਸਿੰਘ ਆਹਲੂਵਾਲੀਆ ਵੱਲੋਂ ਮੁਫਤ ਬਿਜਲੀ ਬੰਦ ਕਰਨਾ ਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਨਾਲ ਅਨਿਆਂ ਤੇ ਮਹਿੰਗਾਈ ਭੱਤੇ ਦੀ ਅਦਾਇਗੀ ਵਿਚ ਦੇਰੀ ਅਤੇ ਸ਼ਰਾਬ ਮਾਫੀਆ ਰਾਹੀਂ ਸਰਕਾਰੀ ਖ਼ਜ਼ਾਨੇ ਦੀ ਲੁੱਟ, ਰੇਤ ਮਾਫੀਆ ਅਤੇ ਗੁੰਡਾ ਟੈਕਸ ਸਮੇਤ ਅਨੇਕਾਂ ਮੁੱਦੇ ਹਨ ਜਿਸ ‘ਤੇ ਸਰਕਾਰ ਘਿਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਇਹਨਾਂ ਸਾਰਿਆਂ ਮੁੱਦਿਆਂ ‘ਤੇ ਲੋਕਾਂ ਅਤੇ ਅਕਾਲੀ ਦਲ ਤੋਂ ਡਰ ਰਹੀ ਹੈ ਕਿਉਂਕਿ ਉਸਨੂੰਸਾਡੇ ਵੱਲੋਂ ਲੋਕਾਂ ਦੀ ਕਚਹਿਰੀ ਵਿਚ ਪਾਇਆ ਦਬਾਅ ਨਜ਼ਰ ਆ ਰਿਹਾ ਹੈ।