ਹਰ ਫ਼ਰੰਟ ‘ਤੇ ਫ਼ੇਲ੍ਹ ਹੈ ਕਾਂਗਰਸ ਸਰਕਾਰ:’ਆਪ’

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਹਰ ਫ਼ਰੰਟ ‘ਤੇ ਫ਼ੇਲ੍ਹ ਕਰਾਰ ਦਿੰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰੱਜ ਕੇ ਕੋਸਿਆ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਬਾਕੀ ਵਰਗਾਂ ਵਾਂਗ ਕਾਂਗਰਸ ਦੀ ‘ਰਾਜਾ ਸ਼ਾਹੀ’ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰੱਜ ਕੇ ਜ਼ਲੀਲ ਅਤੇ ਨਿਰਾਸ਼ ਕੀਤਾ ਹੈ।

ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਕੰਮਾ ਅਤੇ ਲਫਾਫੇਬਾਜ ਵਿੱਤ ਮੰਤਰੀ ਦੱਸਦਿਆਂ ਕਿਹਾ ਕਿ ਵਿੱਤ ਮੰਤਰੀ ਸਿਰਫ਼ ‘ਗੱਲਾਂ ਦਾ ਕੜਾਹ’ ਬਣਾਉਣ ‘ਚ ਹੀ ਮਾਹਿਰ ਹਨ, ਇਸ ਤੋਂ ਨਾ ਉਨ੍ਹਾਂ ਦੀ ਕੋਈ ਪੁੱਗਤ ਹੈ ਅਤੇ ਨਾ ਹੀ ਕੋਈ ਕਾਬਲੀਅਤ ਹੈ ਹਾਲਾਂਕਿ ਉਨ੍ਹਾਂ ਕੋਲ ਵਿੱਤ ਮੰਤਰੀ ਦਾ 8-9 ਸਾਲ ਦਾ ਤਜਰਬਾ ਹੈ।

‘ਆਪ’ ਵਿਧਾਇਕਾਂ ਨੇ ਕਿਹਾ ਕਿ ਜਿਵੇਂ ਮੌਂਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨੂੰ ਪੰਜਾਬ ਵਿਰੋਧੀ, ਕਿਸਾਨ ਵਿਰੋਧੀ, ਦੁਕਾਨਦਾਰ ਅਤੇ ਮੁਲਾਜ਼ਮ ਵਿਰੋਧੀ ਹਨ, ਓਵੇਂ ਹੀ ਵਿਭਾਗਾਂ ਦਾ ਪੁਨਰਗਠਨ ਕਰਨ, ਭਰਤੀ ਨਾ ਕਰਨੀ, ਮਿਲਦੇ ਭੱਤੇ ‘ਫਰੀਜ’ ਕਰਨ ਦੀਆਂ ਸਿਫ਼ਾਰਿਸ਼ਾਂ ਮੁਲਾਜ਼ਮ ਤੇ ਪੈਨਸ਼ਨਰਾਂ ਲਈ ਘਾਤਕ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਫਰਵਰੀ 2017 ਦਾ ਚੋਣ ਮਨੋਰਥ ਪੱਤਰ ਯਾਦ ਕਰਵਾਇਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨੀ, ਕੱਚੇ ਕਰਮਚਾਰੀ ਪੱਕੇ ਕਰਨੇ, ਤਨਖ਼ਾਹ ਕਮਿਸ਼ਨ ਦੇਣ ਵਰਗੇ ਕੀਤੇ ਵਾਅਦੇ ਪੂਰੇ ਕਰਕੇ ਚੋਣ ਮਨੋਰਥ ਪੱਤਰ ਦੀ ‘ਸੰਵਿਧਾਨਿਕ ਸਾਰਥਿਕਤਾ’ ਸੁਰਜੀਤ ਰੱਖੀ ਜਾਵੇ।

‘ਆਪ’ ਵਿਧਾਇਕਾਂ ਨੇ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਕਿਹਾ ਕਿ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਦੁਕਾਨਦਾਰਾਂ ਆਦਿ ਦੀਆਂ ਜੇਬਾਂ ਕੱਟ ਕੇ ਖ਼ਜ਼ਾਨਾ ਨਹੀਂ ਭਰਨਾ, ਇਸ ਲਈ ਮਾਫ਼ੀਆ ਰਾਜ ਨੂੰ ਨੱਥ ਪਾਉਣੀ ਹੋਵੇਗੀ।

Share This Article
Leave a Comment