ਆਪਣਿਆਂ ਵਿੱਚ ਹੀ ਕਿਉਂ ਘਿਰ ਰਹੀ ਹੈ ਕਾਂਗਰਸ ਸਰਕਾਰ

TeamGlobalPunjab
5 Min Read

ਅਵਤਾਰ ਸਿੰਘ

ਪੰਜਾਬ ਵਿੱਚ ਇਸ ਵਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਵੀ ਰੰਗ ਨਿਰਾਲੇ ਹੀ ਹਨ। ਸੱਤਾਧਾਰੀ ਕਾਂਗਰਸ ਨੂੰ ਦੋ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੋਂ ਖ਼ਤਰਾ ਹੁੰਦਾ ਤਾਂ ਸਾਫ ਦਿਖਾਈ ਦਿੰਦਾ ਹੈ, ਪਰ ਜੇ ਕਿਸੇ ਹਾਕਮ ਨੂੰ ਆਪਣੇ ਸਾਥੀਆਂ ਦਾ ਵਿਰੋਧ ਸਹਿਣਾ ਪੈ ਜਾਵੇ ਤਾਂ ਉਸ ਦੇ ਪ੍ਰਸ਼ਾਸ਼ਨ ‘ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਜਾਂਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੱਜ ਕੱਲ੍ਹ ਆਪਣੇ ਸਾਥੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ਾਸ਼ਨ ਉਤੇ ਕਦੇ ਉਨ੍ਹਾਂ ਦਾ ਕੋਈ ਵਿਧਾਇਕ ਅਤੇ ਕਦੇ ਕੋਈ ਮੰਤਰੀ ਪ੍ਰਸ਼ਨ ਚਿੰਨ੍ਹ ਲਗਾ ਦਿੰਦਾ ਹੈ। ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਇਵੇਂ ਹੀ ਵਾਪਰਿਆ ਜਦੋਂ ਰਾਜਾ ਵੜਿੰਗ ਨੇ ਸਰਕਾਰ ਵਿਰੁੱਧ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ।

ਰਿਪੋਰਟਾਂ ਮੁਤਾਬਿਕ ਵਿਧਾਨ ਸਭਾ ਵਿੱਚ ਟਰਾਂਸਪੋਰਟ ਵਿਭਾਗ ਵਿੱਚ ਵਿਭਾਗ ਦੇ ਮੰਤਰੀ ਦੀ ਥਾਂ ਮੁੱਖ ਮੰਤਰੀ ਦਫ਼ਤਰ ਦਾ ਦਖ਼ਲ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਖੂਬ ਹੰਗਾਮੇ ਹੋਏ। ਟਰਾਂਸਪੋਰਟ ਵਿਭਾਗ ’ਤੇ ਕਾਂਗਰਸ ਦੇ ਐਮ ਐਲ ਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ।

- Advertisement -

ਇਵੇਂ ਹੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿੱਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਰਾਜ ਹੋਣ ਦੇ ਦੋਸ਼ ਲੈ ਕੇ ਸਰਕਾਰ ਖਿਲਾਫ਼ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਸਰਕਾਰ ਨੂੰ ਘੇਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿੱਚ ਹਾਜ਼ਰ ਨਹੀਂ ਸਨ।

ਜਦੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ ਸਬੰਧੀ ਸਵਾਲ ਚੁੱਕੇ ਤਾਂ ਇਸ ਦਾ ਸਮਰਥਨ ਹਾਕਮ ਧਿਰ ਅਤੇ ‘ਆਪ’ ਦੇ ਹੋਰ ਮੈਂਬਰਾਂ ਨੇ ਵੀ ਕਰ ਦਿੱਤਾ।

ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਵਿਧਾਇਕ ਦੇ ਸਵਾਲਾਂ ਦੀ ਪੁਸ਼ਟੀ ਕਰ ਦਿੱਤੀ। ਜੇਲ੍ਹ ਮੰਤਰੀ ਦੇ ਕਥਨ ਦੀ ਵੀ ਕਈ ਵਿਧਾਇਕਾਂ ਨੇ ਹਮਾਇਤ ਕੀਤੀ। ਸਦਨ ਵਿੱਚ ਭਾਰੀ ਸ਼ੋਰ ਸ਼ਰਾਬਾ ਹੋਇਆ।
ਐਮ ਐਲ ਏ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਖੇਤਰੀ ਟਰਾਂਸਪੋਰਟ ਅਫ਼ਸਰਾਂ ਦੀਆਂ ਤਾਇਨਾਤੀਆਂ ਅਤੇ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਵਿੱਚ ਟਰਾਂਸਪੋਰਟ ਮੰਤਰੀ ਬੇਵਸ ਦਿਖਾਈ ਦੇ ਰਹੇ ਹਨ।

ਕਾਂਗਰਸੀ ਵਿਧਾਇਕ ਨੇ ਆਖਿਆ ਕਿ ਮੁਕਤਸਰ ਦਾ ਆਰਟੀਏ ਹਰਦੀਪ ਸਿੰਘ, ਜਿਸ ਖ਼ਿਲਾਫ਼ ਗਬਨ ਦੇ ਕੇਸ ਦਰਜ ਹਨ, ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।

ਵਿਧਾਇਕ ਦਾ ਕਹਿਣਾ ਸੀ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਇਥੋਂ ਤਕ ਕਿਹਾ ਗਿਆ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਤਾਇਨਾਤੀਆਂ ‘ਉਪਰੋਂ’ ਕੀਤੀਆਂ ਜਾਂਦੀਆਂ ਹਨ। ਰਾਜਾ ਵੜਿੰਗ ਦਾ ਕਹਿਣਾ ਸੀ ਕਿ ਜੇ ਮੰਤਰੀ ਬੇਵੱਸ ਤੇ ਲਾਚਾਰ ਹਨ ਤੇ ਮੰਤਰੀਆਂ ਕੋਲ ਅਫ਼ਸਰਾਂ ਨੂੰ ਬਦਲਣ ਜਾਂ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਹੈ ਤਾਂ ਟਰਾਂਸਪੋਰਟ ਵਿਭਾਗ ਵਿੱਚ ਤਾਇਨਾਤ ਅਫ਼ਸਰਾਂ ਦੀਆਂ ਤਾਰਾਂ ਕਿਥੇ ਜੁੜੀਆਂ ਹੋਈਆਂ ਹਨ।

- Advertisement -

ਕਾਂਗਰਸੀ ਐਮ ਐਲ ਏ ਨੇ ਤਾਂ ਇਹ ਵੀ ਦੋਸ਼ ਲਾ ਦਿੱਤੇ ਕਿ ਪੀਆਰਟੀਸੀ ਦੇ ਰੂਟ ਪਰਮਿਟ ਰਿਨਿਊ ਨਹੀਂ ਕੀਤੇ ਜਾ ਰਹੇ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਧਾਇਕ ਦੇ ਦੋਸ਼ਾਂ ਦਾ ਜਵਾਬ ਦਿਦਿਆਂ ਕਿਹਾ ਕਿ ਸੂਬੇ ਵਿੱਚ 11 ਖੇਤਰੀ ਟਰਾਂਸਪੋਰਟ ਅਫ਼ਸਰ ਲਾਏ ਜਾਂਦੇ ਹਨ। ਇਨ੍ਹਾਂ ਵਿੱਚੋਂ 5 ਵਿਭਾਗ ਨਾਲ ਸਬੰਧਤ ਹਨ ਤੇ 6 ਪੀਸੀਐੱਸ ਹੁੰਦੇ ਹਨ। ਮੰਤਰੀ ਨੇ ਨੇ ਕਿਹਾ ਕਿ ਪੀਸੀਐੱਸ ਅਫ਼ਸਰਾਂ ਦੀਆਂ ਤਾਇਨਾਤੀਆਂ ਮੁੱਖ ਮੰਤਰੀ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਅਫ਼ਸਰਾਂ ਨੂੰ ਮੁੱਖ ਮੰਤਰੀ ਹੀ ਤਬਦੀਲ ਕਰਨ ਦਾ ਅਧਿਕਾਰ ਰੱਖਦੇ ਹਨ। ਵਿਧਾਇਕ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਨੀਤੀ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਇਸ ਸਬੰਧੀ ਵੀ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ।

ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਕਾਂਗਰਸੀ ਐਮ ਐਲ ਏ ਦਾ ਸਾਥ ਦਿੱਤਾ ਤੇ ਕਿਹਾ ਕਿ ਸੂਬੇ ਵਿੱਚ ਅਕਾਲੀ ਸਰਕਾਰ ਦੇ ਸਮੇਂ ਤੋਂ ਚਲਦਾ ਆ ਰਿਹਾ ਟਰਾਂਸਪੋਰਟ ਮਾਫ਼ੀਆ ਕਾਇਮ ਹੈ।

ਉਧਰ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਬੋਲਬਾਲਾ ਹੋਣ ਦੇ ਦੋਸ਼ ਲਾ ਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਲਗੇ ਤਾਂ ਜੇਲ੍ਹ ਮੰਤਰੀ ਤੇ ਅਕਾਲੀ ਵਿਧਾਇਕ ਵਿਚਕਾਰ ਖੂਬ ਝੜਪ ਹੋਈ। ਪਰ ਜੇਲ੍ਹ ਮੰਤਰੀ ਨੇ ਦੁਖੀ ਹੋ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੀ ਸਰਕਾਰ ਬਿਲਕੁਲ ਨਿਕੰਮੀ ਹੈ ਇਸੇ ਲਈ ਤੁਹਾਡੇ ਵਰਗੇ ਅਕਾਲੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਪੰਜਾਬ ਸਰਕਾਰ ਵਿਚ ਚੱਲ ਰਹੀ ਇਸ ਸਿਆਸਤ ਦੀ ਨਬਜ਼ ਤਾਂ ਸਭ ਪਛਾਣ ਰਹੇ ਹਨ। ਪਰ ਮੂੰਹ ਘੱਟ ਲੋਕ ਹੀ ਖੋਲ੍ਹ ਰਹੇ ਹਨ।

Share this Article
Leave a comment