ਆਪਣਾ ਕਿਰਦਾਰ ਨਹੀਂ ਬਦਲ ਸਕਦੀ ਕਾਂਗਰਸ, ਭ੍ਰਿਸ਼ਟਾਚਾਰ ਤੇ ਚੰਨੀ ਚਲਣਗੇ ਨਾਲ-ਨਾਲ: ਰਾਘਵ ਚੱਢਾ

TeamGlobalPunjab
4 Min Read

ਜਲੰਧਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਉਸ ਦਾਅਵੇ ਨੂੰ ਭੁੱਲ ਗਏ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਚੰਨੀ ਰਹੇਗਾ ਜਾਂ ਭ੍ਰਿਸ਼ਟਾਚਾਰ ਰਹੇਗਾ।’ ਪਰ ਕੈਬਨਿਟ ਵਿੱਚ ਮਹਾਂਦਾਗੀ ਮੰਤਰੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਵਿੱਚ ਜਦ ਤੱਕ ਕਾਂਗਰਸ ਦਾ ਹੱਥ ਰਹੇਗਾ, ਉਦੋਂ ਤੱਕ ਭ੍ਰਿਸ਼ਟਾਚਾਰ ਅਤੇ ਚੰਨੀ ਨਾਲ- ਨਾਲ ਚੱਲਣਗੇ, ਕਿਉਂਕਿ ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ।

ਮੰਗਲਵਾਰ ਨੂੰ ਜਲੰਧਰ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਮੰਤਰੀ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ ਅਤੇ ਗੁਰਕੀਰਤ ਸਿੰਘ ਕੋਟਲੀ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਤੋਂ ਸਪੱਸ਼ਟ ਹੈ ਕਿ ਕਾਂਗਰਸ ਨੇ ਕੇਵਲ ‘ਅਲੀ ਬਾਬਾ’ ਨੂੰ ਬਦਲਿਆ ਹੈ, ਪਰ ਚੋਰ ਉਹੀ ਦੇ ਉਹੀ ਹਨ। ਇਸ ਤੋਂ ਸਪੱਸ਼ਟ ਹੈ ਕਿ ਬਿਸਕੁਟ ਪੁਰਾਣੇ ਵਾਲਾ ਹੀ ਹੈ, ਕੇਵਲ ਉਸਦਾ ਪੈਕਟ ਹੀ ਬਦਲਿਆ ਗਿਆ ਹੈ। ਚੱਢਾ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ’ਤੇ ਕਾਬਜ ਹੋਣ ਤੋਂ ਬਾਅਦ ਮਾਈਨਿੰਗ ਮਾਫੀਆ ਨਾਲ ਨਾ ਮਿਲਣ ਦੀ ਗੱਲ ਕੀਤੀ ਸੀ, ਪਰ ਮਾਈਨਿੰਗ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਸਮੇਤ ਹੋਰ ਵੱਡੇ ਦੋਸ਼ਾਂ ਵਿੱਚ ਘਿਰੇ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਨਾਲ ਦੀ ਕੁਰਸੀ ’ਤੇ ਬੈਠਾ ਕੇ ਉਨ੍ਹਾਂ ਸਿੱਧ ਕਰ ਦਿੱਤਾ ਹੈ ‘ਹਾਥੀ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਹੋਰ’ ਹਨ। ਉਨ੍ਹਾਂ ਅਨੁਸਾਰ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਨੇ ਰਾਣਾ ਗੁਰਜੀਤ ਸਿੰਘ ਨੂੰ ਦੋਬਾਰਾ ਕੈਬਨਿਟ ਵਿੱਚ ਲੈ ਕੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਤੋਂ ਕਾਂਗਰਸ ਰਾਜ ਵਿੱਚ ਭ੍ਰਿਸ਼ਟਾਚਾਰ ਜਾਣ ਵਾਲਾ ਨਹੀਂ ਹੈ।

ਰਾਘਵ ਚੱਢਾ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਮਾਫ਼ੀਆ ਖ਼ਤਮ ਕਰਨ ਲਈ ਕਿਹਾ ਸੀ ਕਿ ਜੋ 75- 25 ਦੀ ਹਿੱਸੇਦਾਰੀ ਚਲਦੀ ਹੈ, ਮੈਂ ਉਸ ਨੂੰ ਖ਼ਤਮ ਕਰੇਗਾ। ਪਰ ਕੀ ਇਹ ਸਭ ਕੁਰਸੀ ਦੀ ਲੜਾਈ ਸੀ? ਪੰਜਾਬ ਦੇ ਲੋਕ ਇਸ ਦਾ ਜਵਾਬ ਮੰਗਦੇ ਹਨ ਅਤੇ ਨਵਜੋਤ ਸਿੱਧੂ ਦਾ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਬਾਰੇ ਕੀ ਸਟੈਂਡ ਹੈ, ਉਹ ਇਸ ਨੂੰ ਸਪੱਸ਼ਟ ਕਰਨ?

ਉਨ੍ਹਾਂ ਕਿਹਾ ਕਿ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਮੰਡੀ ਮਾਫ਼ੀਆ ਨਾਲ ਜੁੜ ਕੇ ਪੰਜਾਬ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਮੰਤਰੀ ਗੁਰਕੀਰਤ ਸਿੰਘ ਕੋਟਲੀ ’ਤੇ ਵੀ ਇੱਕ ਫਰਾਂਸੀਸੀ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ, ਪਰ ਇਨ੍ਹਾਂ ਸਾਰਿਆਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਪੰਜਾਬ ਨੂੰ ਲੁਟਣਾ ਚਾਹੁੰਦੀ ਹੈ।

ਰਾਘਵ ਚੱਢਾ ਨੇ ਚੋਣਾ ਤੋਂ ਮਹਿਜ ਕੁੱਝ ਮਹੀਨੇ ਪਹਿਲਾ ਮੁੱਖ ਮੰਤਰੀ ਬਦਲਣ ਨੂੰ ਕੇਵਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹਕੁੰਨ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਜਿਹੇ ਡਰਾਮੇ ਕਰਨ ਦੀ ਪੁਰਾਣੀ ਆਦਤ ਹੈ। ਕਾਂਗਰਸ ਨੇ ਕੇਵਲ ਜਹਾਜ ਦੇ ਕੈਪਟਨ ਨੂੰ ਬਦਲਿਆ ਹੈ, ਪਰ ਪੰਜਾਬ ਦੇ ਲੋਕ ਪੂਰਾ ਜਹਾਜ ਬਦਲਣ ਦਾ ਮਨ ਬਣਾਈ ਬੈਠੇ ਹਨ, ਕਿਉਂਕਿ ਕਾਂਗਰਸ ਨੂੰ ਪੰਜਾਬ ਅਤੇ ਸੂਬੇ ਦੀ ਰੀੜ ਦੀ ਹੱਡੀ ਕਿਸਾਨ- ਮਜ਼ਦੂਰ ਅਤੇ ਵਪਾਰੀਆਂ- ਕਾਰੋਬਾਰੀਆਂ ਸਮੇਤ ਕਿਸੇ ਵੀ ਵਰਗ ਨਾਲ ਕੋਈ ਸਰੋਕਾਰ ਨਹੀਂ।
ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਪਰਿਵਾਰ ਗੁਲਾਬੀ ਸੁੰਡੀ ਦੀ ਮਾਰ ਝੱਲ ਰਹੇ ਹਨ। ਵਿਸ਼ੇਸ਼ ਰੂਪ ਨਾਲ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਜ਼ਿਆਦਾ ਮਾਰ ਪਈ ਹੈ। ਮੁੱਖ ਮੰਤਰੀ ਚੰਨੀ ਕਿਸਾਨਾਂ ਦੀ ਬਦਹਾਲੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਅਤੇ ਕੰਨਾਂ ਨਾਲ ਸੁਣ ਕੇ ਆਏ ਹਨ। ਬਾਵਜੂਦ ਇਸ ਦੇ ਚੰਨੀ ਸਰਕਾਰ ਨੇ ਕਿਸਾਨਾਂ ਲਈ ਕਿਸੇ ਵੀ ਤਰ੍ਹਾਂ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਨਹੀਂ ਕੀਤਾ ਹੈ। ਮੁੱਖ ਮੰਤਰੀ ਚੰਨੀ ਨੂੰ ਚਾਹੀਦਾ ਹੈ ਕਿ ਉਹ ਹਰ ਪੀੜਤ ਕਿਸਾਨ ਨੂੰ ਪ੍ਰਤੀ ਏਕੜ 75 ਹਜ਼ਾਰ ਮੁਆਵਜ਼ਾ ਰਾਸ਼ੀ ਦੇਵੇ ਅਤੇ ਖੇਤ ਮਜ਼ਦੂਰ ਨੂੰ 25 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇ ਕੇ ਰਾਹਤ ਦੇਵੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਕੋਲੋਂ ਕੁੱਝ ਸਿੱਖੇ।

Share This Article
Leave a Comment