ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਅੱਜ ਬਰਨਾਲਾ ਵਿੱਚ ਵੱਡੀ ਰੈਲੀ ਹੈ। ਇਸ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੀ ਪਹੁੰਚਣਗੇ। ਇਸ ਰੈਲੀ ਵਿੱਚ ਜਿਥੇ ਕਾਂਗਰਸ ਕੇਂਦਰ ਸਰਕਾਰ ਨੂੰ ਮਨਰੇਗਾ ਅਤੇ ਇੰਡੀਆ-ਅਮਰੀਕਾ ਟ੍ਰੇਡ ਡੀਲ ਦੇ ਮੁੱਦੇ ‘ਤੇ ਘੇਰਨ ਦੀ ਤਿਆਰੀ ‘ਚ ਹੈ। ਉੱਥੇ ਹੀ, ਕਾਂਗਰਸ ਇਸ ਰੈਲੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖ ਰਹੀ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਇੰਚਾਰਜ ਭੂਪੇਸ਼ ਬਘੇਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਰੈਲੀ ਚੋਣ ਬਿਗੁਲ ਦਾ ਕੰਮ ਕਰੇਗੀ।

ਇਹ ਰੈਲੀ ਬਰਨਾਲਾ ਦੀ ਅਨਾਜ ਮੰਡੀ ਵਿੱਚ ਹੋਣ ਜਾ ਰਹੀ ਹੈ। ਰੈਲੀ ਨੂੰ ਕਾਮਯਾਬ ਬਣਾਉਣ ਲਈ ਕਾਂਗਰਸ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਸਾਰੇ ਹਲਕਿਆਂ ਤੋਂ ਆਗੂ ਇਸ ਰੈਲੀ ਵਿੱਚ ਮੌਜੂਦ ਰਹਿਣਗੇ। ਪਾਰਟੀ ਨੇ 1,000 ਬੱਸਾਂ ਦਾ ਪ੍ਰਬੰਧ ਅਤੇ 50,000 ਲੋਕਾਂ ਦੀ ਭੀੜ ਜੁਟਾਉਣ ਦੀ ਤਿਆਰੀ ਕੀਤੀ ਹੈ।
ਬਰਨਾਲਾ ਮਾਲਵਾ ਬੈਲਟ ਦਾ ਪ੍ਰਮੁੱਖ ਕੇਂਦਰ ਹੈ, ਜਿੱਥੇ ਸੂਬੇ ਦਾ ਸਭ ਤੋਂ ਵੱਡਾ ਖੇਤੀਬਾੜੀ ਖੇਤਰ ਹੈ। ਇੱਥੇ ਆਮ ਆਦਮੀ ਪਾਰਟੀ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ, ਪਰ ਹਾਲ ਹੀ ਦੀਆਂ ਬਰਨਾਲਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੇ ਜਿੱਤ ਦਰਜ ਕੀਤੀ ਸੀ।
ਇਸ ਰੈਲੀ ਰਾਹੀਂ ਕਾਂਗਰਸ ਕਿਸਾਨਾਂ-ਮਜ਼ਦੂਰਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਲਵਾ ਦੀਆਂ 69 ਸੀਟਾਂ ‘ਤੇ ਵਿਸ਼ੇਸ਼ ਫੋਕਸ ਰੱਖਿਆ ਗਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮਨਰੇਗਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤ-ਅਮਰੀਕਾ ਟ੍ਰੇਡ ਡੀਲ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਾਰਟੀ ਵੱਲੋਂ ਜਾਰੀ ਪੋਸਟਰਾਂ ਵਿੱਚ ਵੀ ਕਾਂਗਰਸੀ ਆਗੂਆਂ ਨੂੰ ਮਨਰੇਗਾ ਮਜ਼ਦੂਰਾਂ ਵਜੋਂ ਦਿਖਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

