ਕਾਂਗਰਸ ਦੇ ਆਗੂ ਤੇ ਦੋ ਵਾਰ ਮੰਤਰੀ ਰਹੇ ਹੰਸ ਰਾਜ ਜੋਸਨ ਅਕਾਲੀ ਦਲ ’ਚ ਹੋਏ ਸ਼ਾਮਲ

TeamGlobalPunjab
2 Min Read

ਜਲਾਲਾਬਾਦ: ਕਾਂਗਰਸ ਪਾਰਟੀ ਨੂੰ ਅੱਜ ਮਾਲਵਾ ਇਲਾਕੇ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਦੇ ਆਗੂ ਤੇ ਦੋ ਵਾਰ ਮੰਤਰੀ ਰਹੇ ਹੰਸ ਰਾਜ ਜੋਸਨ ਆਪਣੇ ਸੈਂਕੜੇ ਸਮਰਥਕਾਂ ਸਮੇਤ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਥੇ ਸਾਬਕਾ ਮੰਤਰੀ ਵੱਲੋਂ ਆਪਣੇ ਪਿੰਡ ਬੰਦੀ ਵਾਲਾ ਹਲਕਾ ਜਲਾਲਾਬਾਦ ਵਿਚ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜੋਸਨ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਬਾਦਲ ਨੇ ਕਿਹਾ ਕਿ ਉਹਨਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਮਾਲਵਾ ਇਲਾਕੇ ਵਿਚ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ। ਉਹਨਾਂ ਨੇ ਜੋਸਨ ਨੁੰ ਪਾਰਟੀ ਦਾ ਜਨਰਲ ਸਕੱਤਰ ਵੀ ਨਿਯੁਕਤ ਕਰਨ ਦਾ ਐਲਾਨ ਕੀਤਾ।

ਜੋਸਨ ਕਾਂਗਰਸ ਪਾਰਟੀ ਦੇ ਉਘੇ ਆਗੂ ਰਹੇ ਹਨ ਜੋ ਪਹਿਲਾਂ 1992-1997 ਤੱਕ ਅਤੇ ਫਿਰ 2002-2007 ਤੱਕ ਕਾਂਗਰਸ ਸਰਕਾਰਾਂ ਵਿਚ ਮੰਤਰੀ ਰਹੇ ਤੇ ਇਸ ਤੋਂ ਪਹਿਲਾਂ ਪੰਜਾਬ ਲੈਦਰ ਬੋਰਡ ਦੇ ਚੇਅਰਮੈਨ ਵਜੋ ਰਹੇ। ਉਹਨਾਂ ਨੇ 2009 ਅਤੇ 2012 ਵਿਚ ਬਾਦਲ ਦੇ ਖਿਲਾਫ ਵੀ ਚੋਣ ਵੀ ਲੜੀ ਪਰ ਹਾਰ ਗਏ ਸਨ।

- Advertisement -

ਇਥੇ ਜ਼ਿਕਰਯੋਗ ਹੈ ਕਿ ਜੋਸਨ ਨੇ ਕੱਲ੍ਹ ਹੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਸਤੀਫਾ ਦਿੱਤਾ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।

ਜੋਸਨ ਦੇ ਸਪੁੱਤਰ ਹਰਪ੍ਰੀਤ ਜੋਸਨ ਵੀ ਆਪਣੇ ਸੈਂਕੜੇ ਨੌਜਵਾਨ ਸਾਥੀਆਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਉਹਨਾਂ ਨੇ ਵੀ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਵਜੋਂ ਅਸਤੀਫਾ ਦਿੱਤਾ ਹੈ।
ਜੋਸਨ ਦੇ ਸਿਆਸੀ ਤਜਰਬੇ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੁੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ ਕਰਨ ਦਾ ਭਰੋਸਾ ਦੁਆਇਆ।

ਇਸ ਮੌਕੇ ਹਾਜ਼ਰ ਇਕੱਠ ਨੁੰ ਸੰਬੋਧਨ ਕਰਦਿਆਂ ਜੋਸਨ ਨੇ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸੀ ਸੋਚ ਅਤੇ ਪਹੁੰਚ ਤੋਂ ਪ੍ਰਭਾਵਤ ਹਨ। ਉਹਨਾਂ ਕਿਹਾ ਕਿ ਮੈਂ ਸਰਦਾਰ ਬਾਦਲ ਨੂੰ ਦਿਨ ਰਾਤ ਸੂਬੇ ਦੇ ਖਾਸ ਤੌਰ ’ਤੇ ਜਲਾਲਾਬਾਦ ਦੇ ਵਿਕਾਸ ਲਈ ਕੰਮ ਕਰਦੇ ਵੇਖਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪ੍ਰਭਾਵਤ ਹੋ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਉਹਨਾਂ ਦੇ ਅਧੀਨ ਕੰਮ ਕਰਨ ਦਾ ਫੈਸਲਾ ਲਿਆ।

Share this Article
Leave a comment