Home / ਮਨੋਰੰਜਨ / ਸਦਾਬਹਾਰ ਸੰਗੀਤ ਦਾ ਰਚੇਤਾ – ਆਰ. ਡੀ.ਬਰਮਨ

ਸਦਾਬਹਾਰ ਸੰਗੀਤ ਦਾ ਰਚੇਤਾ – ਆਰ. ਡੀ.ਬਰਮਨ

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਕਿਹਾ ਜਾਂਦਾ ਹੈ ਕਿ ਬਾਲੀਵੁੱਡ ਦੇ ਸੂਝਵਾਨ ਅਤੇ ਨਾਮਵਰ ਸੰਗੀਤਕਾਰ ਸਚਿਨ ਦੇਵ ਬਰਮਨ ਭਾਵ ਐਸ.ਡੀ. ਬਰਮਨ ਦਾ ਹੋਣਹਾਰ ਪੁੱਤਰ ਆਰ.ਡੀ.ਬਰਮਨ ਭਾਵ ਰਾਹੁਲ ਦੇਵ ਬਰਮਨ ਜਦੋਂ ਬਾਲ ਅਵਸਥਾ ਵਿੱਚ ਪੰਘੂੜੇ ‘ਚ ਪਿਆ ਰੋਂਦਾ ਹੁੰਦਾ ਸੀ ਤਾਂ ਜਿਆਦਾਤਰ ਪੰਚਮ ਸੁਰ ਵਿੱਚ ਰੋਂਦਾ ਸੀ ਜਿਸ ਕਰਕੇ ਅਦਾਕਾਰ ਅਸ਼ੋਕ ਕੁਮਾਰ ਨੇ ਬਚਪਨ ‘ਚ ਹੀ ਉਸਦਾ ਨਾਂ ‘ਪੰਚਮ’ ਰੱਖ ਦਿੱਤਾ ਸੀ ਤੇ ਵੱਡਾ ਹੋ ਕੇ ਕੇਵਲ ਪੰਚਮ ਹੀ ਨਹੀਂ ਸਗੋਂ ਸੱਤੇ ਸੁਰਾਂ ਦਾ ਉਸਤਾਦ ਸੰਗੀਤਕਾਰ ਬਣ ਕੇ ਆਰ.ਡੀ. ਬਰਮਨ ਨੇ ਬਾਲੀਵੁੱਡ ਸੰਗੀਤ ਨੂੰ ਇੱਕ ਨਵਾਂ ਮੁਹਾਂਦਰਾ ਤੇ ਬੁਲੰਦੀ ਪ੍ਰਦਾਨ ਕੀਤੀ ਸੀ। ਉਸਨੇ ਕੁੱਲ 331 ਫ਼ਿਲਮਾਂ ਲਈ ਸੰਗੀਤ ਸਿਰਜਿਆ ਸੀ ਜਿਨ੍ਹਾ ਵਿੱਚੋਂ 292 ਹਿੰਦੀ, 31 ਬੰਗਾਲੀ, 3 ਤੇਲਗੂ, 2 ਤਾਮਿਲ, 2 ਉੜੀਆ ਅਤੇ 1 ਮਰਾਠੀ ਫ਼ਿਲਮ ਸੀ। ਉਸਦੀਆਂ ਸੈਂਕੜੇ ਫ਼ਿਲਮਾਂ ਆਪਣੇ ਸੰਗੀਤ ਕਰਕੇ ਹਿੱਟ ਰਹੀਆਂ ਸਨ ਤੇ ਉਸਨੂੰ ਹਜ਼ਾਰਾਂ ਯਾਦਗਾਰੀ ਤੇ ਸੁਰੀਲੇ ਸੰਗੀਤ ਨਾਲ ਸਜੇ ਗੀਤਾਂ ਦਾ ਰਚੇਤਾ ਹੋਣ ਦਾ ਸ਼ਰਫ਼ ਹਾਸਿਲ ਹੋਇਆ ਸੀ।

ਗਾਇਕ ਕਿਸ਼ੋਰ ਕੁਮਾਰ ਅਤੇ ਗਾਇਕਾ ਆਸ਼ਾ ਭੌਂਸਲੇ ਕੋਲੋਂ ਉਨ੍ਹਾ ਦੇ ਫ਼ਿਲਮੀ ਕਰੀਅਰ ਦੇ ਸਭ ਤੋਂ ਵੱਧ ਹਿੱਟ ਗੀਤ ਗਵਾ ਕੇ ਉਨ੍ਹਾ ਨੂੰ ਸ਼ੁਹਰਤ ਦੀ ਟੀਸੀ ‘ਤੇ ਪੰਹੁਚਾ ਦੇਣ ਵਾਲੇ ਰਾਹੁਲ ਦੇਵ ਬਰਮਨ ਉਰਫ਼ ਪੰਚਮ ਦਾ ਜਨਮ 27 ਜੂਨ,1939 ਨੂੰ ਗੀਤਕਾਰ ਮਾਂ ਮੀਰਾ ਦੇਵ ਬਰਮਨ ਦੀ ਕੁੱਖੋਂ ਕੋਲਕਾਤਾ ਵਿਖੇ ਹੋਇਆ ਸੀ। ਹੋਣਹਾਰ ਪਿਤਾ ਦੇ ਹੋਣਹਾਰ ਲਾਡਲੇ ਪੰਚਮ ਨੇ ਆਪਣਾ ਪਹਿਲਾ ਗੀਤ ਕੇਵਲ ਨੌਂ ਸਾਲ ਦੀ ਉਮਰ ਵਿੱਚ ਸੰਗੀਤਬੱਧ ਕਰ ਦਿੱਤਾ ਸੀ ਤੇ ਉਸਦੀ ਇਸ ਦਿਲਕਸ਼ ਕੰਪੋਜੀਸ਼ਨ ਨੂੰ ਉਸਦੇ ਪਿਤਾ ਨੇ ਬਾਅਦ ਵਿੱਚ ਸੰਨ 1956 ਵਿੱਚ ਬਣੀ ਫ਼ਿਲਮ ‘ਫੰਟੂਸ਼’ ਲਈ ਵਰਤ ਲਿਆ ਸੀ। ਇੱਥੇ ਹੀ ਬਸ ਨਹੀਂ ਸੰਨ 1957 ਵਿੱਚ ਗੁਰੂਦੱਤ ਦੀ ਫ਼ਿਲਮ ‘ਪਿਆਸਾ’ ਦੇ ਗੀਤ ‘ਸਰ ਜੋ ਤੇਰਾ ਚਕਰਾਏ’ ਦੀ ਧੁਨ ਵੀ ਅਠਾਰ੍ਹਾਂ ਵਰ੍ਹਿਆਂ ਦੇ ਮੁੱਛਫੁੱਟ ਗੱਭਰੂ ਪੰਚਮ ਦੀ ਹੀ ਤਿਆਰ ਕੀਤੀ ਹੋਈ ਸੀ। ਪੰਚਮ ਨੇ ਆਪਣੇ ਪਿਤਾ ਐਸ.ਡੀ.ਬਰਮਨ ਅਤੇ ਸੰਗੀਤਕਾਰ ਸਲਿਲ ਚੌਧਰੀ ਤੋਂ ਇਲਾਵਾ ਉਸਤਾਦ ਅਲੀ ਅਕਬਰ ਖ਼ਾਨ ਅਤੇ ਉਸਤਾਦ ਸਮਤਾ ਪ੍ਰਸਾਦ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਸਨ।

ਸਗੀਤ ਦੇ ਸੁਰਾਂ ਨਾਲ ਸਰਾਬੋਰ ਆਰ.ਡੀ.ਬਰਮਨ ਉਦੋਂ ਕੇਵਲ ਉੱਨੀ ਕੁ ਵਰ੍ਹਿਆਂ ਦਾ ਸੀ ਜਦੋਂ ਉਸਨੇ ਆਪਣੇ ਪਿਤਾ ਨਾਲ ਬਤੌਰ ਸਹਾਇਕ ਸੰਗੀਤਕਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਤੌਰ ਸਹਾਇਕ ਵੀ ਉਸਦਾ ਕੰਮ ਕਾਬਿਲੇ ਤਾਰੀਫ਼ ਰਿਹਾ ਸੀ ਕਿ ਕਿਉਂਕਿ ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਉਸਨੇ ‘ਚਲਤੀ ਕਾ ਨਾਮ ਗਾੜੀ, ਕਾਗ਼ਜ਼ ਕੇ ਫੂਲ, ਤੇਰੇ ਘਰ ਕੇ ਸਾਮਨੇ, ਬੰਦਿਨੀ, ਜ਼ਿੱਦੀ, ਤੀਨ ਦੇਵੀਆਂ ਅਤੇ ਗਾਈਡ, ਜਿਊਲ ਥੀਫ਼ ਅਤੇ ਪ੍ਰੇਮ ਪੁਜਾਰੀ ‘ ਜਿਹੀਆਂ ਸ਼ਾਹਕਾਰ ਫ਼ਿਲਮਾਂ ਬਾਲੀਵੁੱਡ ਦੀ ਝੋਲ੍ਹੀ ਪਾਈਆਂ ਸਨ। ਉਨ੍ਹਾ ਵੇਲਿਆਂ ਵਿੱਚ ਫ਼ਿਲਮ ‘ਸੋਲ੍ਹਵਾਂ ਸਾਲ’ ਦੇ ਇੱਕ ਗੀਤ ‘ ਹੈ ਅਪਨਾ ਦਿਲ ਤੋਂ ਆਵਾਰਾ ‘ ਲਈ ਉਸਨੇ ਮਾਊਥ ਆਰਗੇਨ ਨਾਂ ਦਾ ਸੰਗੀਤਕ ਸਾਜ਼ ਇਸ ਕਦਰ ਬਾਖ਼ੂਬੀ ਨਾਲ ਵਜਾਇਆ ਸੀ ਕਿ ਕਈ ਦਹਾਕਿਆਂ ਤੱਕ ਲੋਕਾਂ ਦੇ ਕੰਨਾਂ ‘ਚ ਰਸ ਘੋਲ੍ਹਦਾ ਰਿਹਾ ਸੀ।

ਬਤੌਰ ਪੂਰਨ ਸੰਗੀਤਕਾਰ ਆਰ.ਡੀ.ਬਰਮਨ ਦੀ ਪਹਿਲੀ ਫ਼ਿਲਮ ‘ਰਾਜ਼’ ਸੀ ਜਿਸਦਾ ਨਿਰਦੇਸ਼ਨ ਗੁਰੂਦੱਤ ਦੇ ਸਹਾਇਕ ਨਿਰੰਜਨ ਵੱਲੋਂ ਦਿੱਤਾ ਜਾ ਰਿਹਾ ਸੀ। ਉਸਨੇ ਸ਼ੈਲੇਂਦਰ ਦੇ ਰਚੇ ਦੋ ਗੀਤ ਆਸ਼ਾ ਭੌਂਸਲੇ, ਗੀਤਾ ਦੱਤ ਅਤੇ ਸ਼ਮਸ਼ਾਦ ਬੇਗਮ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਏ ਸਨ ਪਰ ਕਿਸੇ ਕਾਰਨ ਇਹ ਫ਼ਿਲਮ ਪੂਰੀ ਨਾ ਹੋ ਸਕੀ ਤੇ ਰਾਹੁਲ ਨੂੰ ਮਿਲੀ ਦੂਜੀ ਫ਼ਿਲਮ ‘ਛੋਟੇ ਨਵਾਬ’ ਉਸਦੇ ਕਰੀਅਰ ਦੀ ਪਹਿਲੀ ਫ਼ਿਲਮ ਹੋ ਨਿੱਬੜੀ।

ਸੰਨ 1961 ਵਿੱਚ ਬਤੌਰ ਅਦਾਕਾਰ ਅਤੇ ਨਿਰਮਾਤਾ ਮਹਿਮੂਦ ਵੱਲੋਂ ਬਣਾਈ ਗਈ ਇਹ ਫ਼ਿਲਮ ਅਸਲ ਵਿੱਚ ਉਸਦੇ ਪਿਤਾ ਨੂੰ ਮਿਲੀ ਸੀ ਪਰ ਉਨ੍ਹਾ ਕੋਲ ਸਮੇਂ ਦੀ ਘਾਟ ਹੋਣ ਕਰਕੇ ਇਹ ਫ਼ਿਲਮ ਉਸਦੀ ਝੋਲ੍ਹੀ ‘ਚ ਆਣ ਪਈ ਸੀ। ਆਰ.ਡੀ.ਬਰਮਨ ਦੀ ਸਭ ਤੋਂ ਪਹਿਲੀ ਹਿੱਟ ਫ਼ਿਲਮ ‘ਤੀਸਰੀ ਮੰਜ਼ਿਲ’ ਸੀ ਜਿਸਦਾ ਨਿਰਮਾਣ ਨਾਸਿਰ ਹੁਸੈਨ ਨੇ ਕੀਤਾ ਸੀ। ਨਾਸਿਰ ਸਾਹਿਬ ਨੂੰ ਉਸਦਾ ਕੰਮ ਇੰਨਾ ਪਸੰਦ ਆਇਆ ਕਿ ਉਨ੍ਹਾ ਨੇ ਅਗਲੀਆਂ ਕਈ ਫ਼ਿਲਮਾਂ ਉਸਦੇ ਨਾਲ ਹੀ ਕੀਤੀਆਂ ਜਿਨ੍ਹਾ ਵਿੱਚਂ ‘ਬਹਾਰੋਂ ਕੇ ਸਪਨੇ, ਪਿਆਰ ਕਾ ਮੌਸਮ, ਯਾਦੋਂ ਕੀ ਬਾਰਾਤ’ ਆਦਿ ਦੇ ਨਾਂ ਸ਼ਾਮਿਲ ਸਨ। ਉਂਜ ਸੰਨ 1970 ਵਿੱਚ ਆਈ ਫ਼ਿਲਮ ‘ਕਟੀ ਪਤੰਗ ‘ ਦੇ ਸੰਗੀਤ ਨੇ ਉਸਨੂੰ ਪਹਿਲੀ ਸ੍ਰੇਣੀ ਦੇ ਸੰਗੀਤਕਾਰਾਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਸੀ।

ਆਰ.ਡੀ.ਬਰਮਨ ਦੀ ਪਹਿਲੀ ਸ਼ਾਦੀ ਸੰਨ 1966 ਵਿੱਚ ਰੀਟਾ ਪਟੇਲ ਨਾਲ ਹੋਈ ਸੀ ਪਰ ਅਣਬਣ ਕਰਕੇ ਸੰਨ 1971 ਵਿੱਚ ਉਸਦਾ ਤਲਾਕ ਹੋ ਗਿਆ ਸੀ ਤੇ ਸੰਨ 1980 ਵਿੱਚ ਉਸਨੇ ਗਾਇਕਾ ਆਸ਼ਾ ਭੌਂਸਲੇ ਨਾਲ ਸ਼ਾਦੀ ਕਰ ਲਈ ਸੀ। ਰੀਟਾ ਪਟੇਲ ਨਾਲ ਤਲਾਕ ਪਿੱਛੋਂ ਉਸਨੂੰ ਕੁਝ ਦਿਨ ਘਰੋਂ ਬੇਘਰ ਹੋ ਕੇ ਹੋਟਲ ‘ਚ ਰਹਿਣਾ ਪਿਆ ਸੀ ਤੇ ਇਸ ਦੌਰਾਨ ਉਸਨੇ ‘ਮੁਸਾਫ਼ਿਰ ਹੂੰ ਯਾਰੋ, ਨਾ ਘਰ ਹੈ ਨਾ ਠਿਕਾਨਾ ‘ ਨਾਮਕ ਗੀਤ ਦੀ ਧੁਨ ਤਿਆਰ ਕੀਤੀ ਸੀ ਜੋ ਬਾਅਦ ਵਿੱਚ ਸੰਨ 1972 ਵਿੱਚ ਗੁਲਜ਼ਾਰ ਦੀ ਫਿਲਮ ‘ਪਰਿਚੈ’ ਲਈ ਵਰਤਿਆ ਗਿਆ ਸੀ। ਇਸ ਮਹਾਨ ਸੰਗੀਤਕਾਰ ਦੁਆਰਾ ਸੰਗੀਤਬੱਧ ਕੀਤੇ ਯਾਦਗਾਰੀ ਨਗ਼ਮਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ‘ ਲੱਕੜੀ ਕੀ ਕਾਠੀ, ਇੱਕ ਚਤੁਰ ਨਾਰ, ਜਬ ਹਮ ਜਵਾਂ ਹੋਂਗੇ, ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ, ਪਿਆਰ ਹਮੇਂ ਕਿਸ ਮੋੜ ਪੇ ਲੇ ਆਇਆ, ਪੀਆ ਤੂ ਅਬ ਤੋ ਆ ਜਾ, ਓ ਮੇਰੇ ਦਿਲ ਕੇ ਚੈਨ, ਏਕ ਲੜਕੀ ਕੋ ਦੇਖਾ ਤੋ ਐਸਾ ਲਗਾ, ਵਾਅਦਾ ਕਰੋ ਕਿ ਨਹੀਂ ਛੋੜੋਗੇ ਮੇਰਾ ਸਾਥ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈਂ ਜੋ ਮਕਾਮ, ਕਿਆ ਯਹੀ ਪਿਆਰ ਹੈ, ਐਸੇ ਨਾ ਮੁਝੇ ਤੁਮ ਦੇਖੋ, ਦਮ ਮਾਰੋ ਦਮ,ਰਾਤ ਕਲੀ ਇਕ ਖ਼ਾਬ ਮੇਂ ਆਈ,ਰੈਨਾ ਬੀਤੀ ਜਾਏ, ਯੇ ਦੋਸਤੀ ਹਮ ਨਹੀਂ ਤੋੜੇਂਗੇ ਅਤੇ ਯੇ ਸ਼ਾਮ ਮਸਤਾਨੀ ਮਦਹੋਸ਼ ਕੀਏ ਜਾਏ’ ਆਦਿ ਸਮੇਤ ਸੈਂਕੜੇ ਗੀਤ ਸ਼ਾਮਿਲ ਕੀਤੇ ਜਾ ਸਕਦੇ ਹਨ।

ਪੰਚਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਧੁਨਿਕ ਸੰਗੀਤ ਦਾ ਰਚੇਤਾ ਸੀ ਇਸੇ ਲਈ ਉਸਦੇ ਦੇਹਾਂਤ ਤੋਂ ਕਈ ਸਾਲ ਬਾਅਦ ਆਏ ਵਿਸ਼ਾਲ-ਸ਼ੇਖਰ, ਜਤਿਨ-ਲਲਿਤ ਅਤੇ ਹਿਮੇਸ਼ ਰੇਸ਼ਮੀਆ ਜਿਹੇ ਸੰਗੀਤਕਾਰ ਦਾ ਸੰਗੀਤ ਉਸੇ ਦੇ ਹੀ ਸੰਗੀਤ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ। ਪੰਚਮ ਨੂੰ ਇਹ ਵੀ ਸ਼ਰਫ਼ ਹਾਸਿਲ ਸੀ ਕਿ ਉਸਨੇ ਆਪਣੇ ਸੰਗੀਤ ਲਈ ਉਚਕੋਟੀ ਦੇ ਸਾਜ਼ਿੰਦਿਆਂ ਪੰਡਤ ਹਰੀ ਪ੍ਰਸਾਦ ਚੌਰਸੀਆ, ਪੰਡਿਤ ਸ਼ਿਵ ਕੁਮਾਰ ਸ਼ਰਮਾ, ਕੇਸਰੀ ਲਾਰਡ, ਭੁਪਿੰਦਰ ਸਿੰਘ ਅਤੇ ਲੁਈਸ ਬੈਂਕਸ ਆਦਿ ਦੀ ਕਲਾ ਦਾ ਇਸਤੇਮਾਲ ਕੀਤਾ ਸੀ। ‘ਮਾਸੂਮ, ਸਨਮ ਤੇਰੀ ਕਸਮ ਅਤੇ 1942-ਏ ਲਵ ਸਟੋਰੀ ‘ ਲਈ ਫ਼ਿਲਮ ਫੇਅਰ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਗੁਣਵਾਨ ਸੰਗੀਤਕਾਰ ਦੀਆਂ ਇੱਕ ਦਰਜਨ ਹੋਰ ਫ਼ਿਲਮਾਂ ਵੱਖ ਵੱਖ ਇਨਾਮਾਂ ਲਈ ਨਾਮਾਂਕਿਤ ਹੋਈਆਂ ਸਨ। 4 ਜਨਵਰੀ, 1994 ਨੂੰ ਉਸਦਾ ਦੇਹਾਂਤ ਹੋ ਗਿਆ ਸੀ। ਬੜੀ ਦਿਲਚਸਪ ਗੱਲ ਹੈ ਕਿ ਜਦੋਂ ਐਸ.ਡੀ.ਬਰਮਨ ਕੋਮਾ ਵਿੱਚ ਚਲੇ ਗਏ ਸਨ ਤਾਂ ਪੰਚਮ ਨੇ ਹੀ ਉਨ੍ਹਾ ਦੀ ਫ਼ਿਲਮ ‘ਮਿਲੀ ‘ ਨੂੰ ਪੂਰਾ ਕੀਤਾ ਸੀ। ਇੱਥੇ ਹੀ ਬਸ ਨਹੀਂ ਇਹ ਵੀ ਮੰਨਿਆ ਜਾਂਦਾ ਹੈ ਕਿ ਰਾਜੇਸ਼ ਖੰਨਾ ਦੀ ਫ਼ਿਲਮ ‘ ਅਰਾਧਨਾ ‘ ਦਾ ਸੰਗੀਤ ਤਿਆਰ ਕਰਨ ਸਮੇਂ ਵੀ ਐਸ.ਡੀ.ਬਰਮਨ ਗੰਭੀਰ ਰੂਪ ਵਿੱਚ ਬਿਮਾਰ ਪੈ ਗਏ ਸਨ ਤੇ ਇਸ ਫ਼ਿਲਮ ਦੇ ਦੋ ਗੀਤਾਂ ‘ ਮੇਰੇ ਸਪਨੋਂ ਕੀ ਰਾਨੀ’ ਅਤੇ ‘ ਕੋਰਾ ਕਾਗ਼ਜ਼ ਥਾ ਯੇ ਮਨ ਮੇਰਾ ‘ ਨੂੰ ਆਰ.ਡੀ.ਬਰਮਨ ਨੇ ਹੀ ਸੰਗੀਤਬੱਧ ਕੀਤਾ ਸੀ। ਇਹ ਗੀਤ ਬਾਕਸ ਆਫ਼ਿਸ ‘ਤੇ ਸੁਪਰਹਿੱਟ ਰਹੇ ਸਨ ਪਰ ਆਰ.ਡੀ.ਬਰਮਨ ਨੇ ਕਦੇ ਵੀ ਇਨ੍ਹਾ ਗੀਤਾਂ ਦੀ ਕਾਮਯਾਬੀ ਲਈ ਆਪਣਾ ਨਾਂ ਪੇਸ਼ ਨਹੀਂ ਕੀਤਾ ਸੀ ਤੇ ਇਨ੍ਹਾ ਨੂੰ ਆਪਣੇ ਪਿਤਾ ਦੀਆਂ ਮਹਾਨ ਸੰਗੀਤਕ ਰਚਨਾਵਾਂ ਹੀ ਦੱਸਿਆ ਸੀ। ਉਹ ਵਾਕਿਆ ਹੀ ਇੱਕ ਸਿਆਣਾ, ਸੁਰੀਲਾ ਅਤੇ ਮਹਾਨ ਸੰਗੀਤ ਨਿਰਦੇਸ਼ਕ ਸੀ।

ਸੰਪਰਕ: 97816-46008

Check Also

ਅਮਿਤਾਭ ਅਤੇ ਅਭਿਸ਼ੇਕ ਤੋਂ ਬਾਅਦ ਐਸ਼ਵਰਿਆ ਰਾਏ ਅਤੇ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਮੁੰਬਈ : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬਚਨ (77) ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬਚਨ ਦਾ …

Leave a Reply

Your email address will not be published. Required fields are marked *