ਵਰਲਡ ਡੈਸਕ – ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਬ੍ਰਿਟੇਨ ਨੂੰ ਸੰਕਟ ‘ਚ ਪਾ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੇ ਕੈਬਨਿਟ ਦੀ ਐਮਰਜੈਂਸੀ ਬੈਠਕ ਤੋਂ ਬਾਅਦ ਬ੍ਰਿਟੇਨ ‘ਚ ਫਿਰ ਤੋਂ ਤਾਲਾਬੰਦੀ ਦਾ ਐਲਾਨ ਕੀਤਾ ਹੈ। ਕ੍ਰਿਸਮਸ ਦੇ ਦੌਰਾਨ ਕੋਰੋਨਾ ਦੇ ਨਵੇਂ ਰੂਪਾਂ ਦੇ ਖਤਰੇ ਨੂੰ ਦੇਖਦੇ ਹੋਏ ਫਿਰ ਤੋਂ ਤਾਲਾਬੰਦੀ ਕਰ ਦਿੱਤੀ ਹੈ। ਡਾਕਟਰੀ ਮਾਹਰਾਂ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਫੈਲਣ ‘ਤੇ ਚਿੰਤਾ ਜ਼ਾਹਰ ਕੀਤੀ ਤੇ ਇਸ ਨੂੰ ਖ਼ਤਰੇ ਦੀ ਘੰਟੀ ਕਰਾਰ ਦਿੱਤਾ। ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਰਕੇ ਮੌਤਾਂ ‘ਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ ਹੈ ਕਿ ਵਾਇਰਸ ਨੇ ਆਪਣੇ ਹਮਲੇ ਦਾ ਤਰੀਕਾ ਬਦਲ ਦਿੱਤਾ ਹੈ, ਅਜਿਹੇ ‘ਚ ਸਾਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ। ਇਸ ਨਾਲ ਨਜਿੱਠਣ ਲਈ, ਸਾਨੂੰ ਆਪਣਾ ਬਚਾਅ ਕਰਨ ਦਾ ਤਰੀਕਾ ਬਦਲਣ ਦੀ ਜ਼ਰੂਰਤ ਹੈ। ਨਾਲ ਹੀ ਪ੍ਰਧਾਨ ਮੰਤਰੀ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਡਨ ‘ਚ 60 ਪ੍ਰਤੀਸ਼ਤ ਤੋਂ ਵੱਧ ਲੋਕ ਨਵੇਂ ਰੂਪ ਦੀ ਲਪੇਟ ‘ਚ ਆ ਚੁੱਕੇ ਹਨ।
ਇਸਤੋਂ ਇਲਾਵਾ ਦੇਸ਼ ‘ਚ ਨਵੇਂ ਤਾਲਾਬੰਦੀ ਦੇ ਤਹਿਤ ਬੁੱਧਵਾਰ ਤੋਂ ਸਾਰੇ ਸਕੂਲ ਬੰਦ ਰਹਿਣਗੇ ਤੇ ਔਨਲਾਈਨ ਕਲਾਸਾਂ ਚੱਲਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਾਲਾਬੰਦੀ ਵੀ ਪਿਛਲੇ ਤਾਲਾਬੰਦੀ ਵਰਗੀ ਹੀ ਹੋਵੇਗੀ, ਜੋ ਮਾਰਚ ਦੇ ਅਖੀਰ ਤੋਂ ਜੂਨ ਤੱਕ ਲਗਾਈ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਲਈ ਮੁਸ਼ਕਲ ਸਮਾਂ ਹੈ। ਕੋਰੋਨਾ ਦੇ ਮਾਮਲੇ ਦੇਸ਼ ਦੇ ਹਰ ਹਿੱਸੇ ‘ਚ ਤੇਜ਼ੀ ਨਾਲ ਵੱਧ ਰਹੇ ਹਨ।
ਦੱਸ ਦਈਏ ਦੇਸ਼ ‘ਚ ਲਾਗੂ ਹੋਈ ਨਵੀਂ ਤਾਲਾਬੰਦੀ ਸੰਭਵ ਤੌਰ ‘ਤੇ ਫਰਵਰੀ ਦੇ ਅੱਧ ਤਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਕਿਹਾ ਕਿ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਪਏਗਾ ਤੇ ਸਿਰਫ ਜ਼ਰੂਰੀ ਕੰਮ ਲਈ ਘਰ ਛੱਡਣ ਦੀ ਆਗਿਆ ਹੋਵੇਗੀ। ਜੇ ਉਹ ਘਰ ਤੋਂ ਕੰਮ ਨਹੀਂ ਕਰ ਸਕਦੇ ਤਾਂ ਉਹ ਦਫਤਰ ਜਾ ਸਕਦੇ ਹਨ। ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਤੇ ਨਿੱਜੀ ਦੇਖਭਾਲ ਸੇਵਾਵਾਂ ਜਿਵੇਂ ਕਿ ਹੇਅਰਡਰੈਸਰ ਆਦਿ ਬੰਦ ਰਹਿਣਗੇ।