ਸਿਡਨੀ: ਆਸਟ੍ਰੇਲੀਆ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੇ ਇਕੱਠ ਨੇ ਵਿਰੋਧ ਕਰਦਿਆਂ ਗੁਰੂਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਸਿਡਨੀ ਦੇ ਗਲੈਨਵੁਡ ਗੁਰੂ ਘਰ ਦੀ ਪ੍ਰਬੰਧਕੀ ਇਕਾਈ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਲਿਮ. ਦੇ ਚੇਅਰਪਰਸਨ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਦੰਗਾ ਰੋਕੂ ਦਸਤੇ ਵੱਲੋਂ ਗੁਰਦੁਆਰਾ ਸਾਹਿਬ ਵੱਲ ਵੱਧ ਰਹੇ ਗੱਡੀਆਂ ਦੇ ਇਕ ਵੱਡੇ ਕਾਫ਼ਲੇ ਨੂੰ ਰੋਕ ਦਿੱਤਾ। ਗੱਡੀਆਂ ‘ਚ ਸਵਾਰ ਲੋਕਾਂ ਦੇ ਹੱਥਾਂ ਵਿਚ ਭਾਰਤੀ ਝੰਡਾ ਤਿਰੰਗਾ ਨਜ਼ਰ ਆ ਰਿਹਾ ਸੀ ਤੇ ਉਹ ਧਾਰਮਿਕ ਨਾਅਰੇ ਵੀ ਲਗਾ ਰਹੇ ਸਨ।
ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੈਰਾਮੈਟਾ ਵਿਖੇ ਰੋਸ ਰੈਲੀ ਤੋਂ ਬਾਅਦ ਧਾਰਮਿਕ ਨਾਅਰੇਬਾਜ਼ੀ ਕਰਦਿਆਂ ਅਤੇ ਤਿਰੰਗਾ ਲਹਿਰਾਉਂਦੀ ਭੀੜ ਕਾਰਾਂ ‘ਚ ਸਵਾਰ ਹੋ ਕੇ ਗਲੈਨਵੁੱਡ ਵੱਲ ਰਵਾਨਾ ਹੋਈ। ਐਤਵਾਰ ਹੋਣ ਕਾਰਨ ਗੁਰੂ ਘਰ ਵਿਚ ਸੈਂਕੜੇ ਸ਼ਰਧਾਲੂ ਮੌਜੂਦ ਸਨ ਅਤੇ ਰੋਸ ਰੈਲੀ ਕਰਨ ਵਾਲਿਆਂ ਨੇ ਗੁਰੂ ਘਰ ਵੱਲ ਜਾਣ ਲਈ ਜਾਣ-ਬੁੱਝ ਕੇ ਇਹੀ ਸਮਾਂ ਚੁਣਿਆ।
ਟਰਬਨਜ਼ ਫ਼ੌਰ ਆਸਟ੍ਰੇਲੀਆ ਦੇ ਦੇ ਪ੍ਰਧਾਨ ਅਮਰ ਸਿੰਘ ਮੁਤਾਬਕ ਇਹ ਡੂੰਘੀ ਚਿੰਤਾ ਦਾ ਵਿਸ਼ਾ ਬਣ ਗਿਆ ਕਿਉਂਕਿ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿਚ ਸੈਂਕੜੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰਾ ਸਾਹਿਬ ਵੱਲ ਵਧਦੇ ਦੇਖਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਮੌਜੂਦ ਸੰਗਤ ਨੂੰ ਸੰਭਾਵਤ ਸੁਚੇਤ ਕਰ ਦਿਤਾ ਗਿਆ। ਘਟਨਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਦਵਾਰਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਬਲੋਕ ਕਰ ਦਿਤੀਆਂ।
ਪੁਲਿਸ ਰਿਪੋਰਟ ਮੁਤਾਬਕ 14 ਫ਼ਰਵਰੀ ਨੂੰ ਬਾਅਦ ਦੁਪਹਿਰ 2 ਵਜੇ ਇਕੱਠ ਦੀ ਸ਼ੁਰੂਆਤ ਹੋਈ ਅਤੇ 4 :30 ਵਜੇ ਤੱਕ ਭੀੜ ਕਾਫ਼ੀ ਜ਼ਿਆਦਾ ਹੋ ਗਈ। ਪੁਲਿਸ ਨੇ ਸਮਾਗਮ ਰੁਕਵਾ ਦਿੱਤਾ ਪਰ ਇਸੇ ਦੌਰਾਨ 300 ਤੋਂ 400 ਲੋਕ ਗਲੈਨਵੁਡ ਸਿੱਖ ਟੈਂਪਲ ਨੇੜੇ ਪੁੱਜ ਗਏ। ਪੁਲਿਸ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੀ। ਦੂਜੇ ਪਾਸੇ ਜੋਨਜ਼ ਪਾਰਕ ਵਿਖੇ ਦੋ ਧੜੇ ਆਹਮੋ-ਸਾਹਮਣੇ ਹੋ ਗਏ ਪਰ ਪੁਲਿਸ ਨੇ ਸਾਰਿਆਂ ਨੂੰ ਖਦੇੜ ਦਿੱਤਾ।
ਟਰਬਨ ਫੌਰ ਆਸਟ੍ਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਹੈ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਐਤਵਾਰ ਨੂੰ ਵਾਪਰੀ ਘਟਨਾ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ।