ਨਵੀਂ ਦਿੱਲੀ – ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰ ਰਾਜਸਥਾਨ ‘ਚ 28 ਦਸੰਬਰ ਤੋਂ ਕੜਾਕੇ ਦੀ ਠੰਢ ਪੈਣ ਨਾਲ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਇਸ ਠੰਢ ਨਾਲ ਜ਼ੁਕਾਮ, ਬੁਖਾਰ ਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਅਗਲੇ ਦੋ ਦਿਨਾਂ ‘ਚ ਪੱਛਮੀ ਕਿਰਿਆ ਸਰਗਰਮ ਹੋਣ ਨਾਲ ਮੈਦਾਨੀ ਇਲਾਕਿਆਂ ‘ਚ ਐਤਵਾਰ ਤੇ ਸੋਮਵਾਰ ਨੂੰ ਤਾਪਮਾਨ ‘ਚ ਵਾਧਾ ਹੋਵੇਗਾ ਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹਵੇਗੀ। ਇਸਦੇ ਨਾਲ ਉੱਤਰ ਪੱਛਮ ਦਿਸ਼ਾ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਵੀ ਦਿੱਲੀ ਦੇ ਤਾਪਮਾਨ ਨੂੰ ਘਟਾ ਦੇਣਗੀਆਂ, ਜਿਸ ਤੋਂ ਬਾਅਦ ਘੱਟੋ ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਦੱਸ ਦਈਏ ਮੈਦਾਨੀ ਇਲਾਕਿਆਂ ‘ਚ ਸ਼ੀਤ ਲਹਿਰ ਚੇਤਾਵਨੀ ਉਦੋਂ ਦਿੱਤੀ ਜਾਂਦੀ ਹੈ, ਜਦੋਂ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬੀਤਿਆ ਐਤਵਾਰ ਸਭ ਤੋਂ ਠੰਡਾ ਦਿਨ ਰਿਹਾ ਜਿਸ ਦਾ ਘੱਟੋ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਸੀ।