ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਤੁਨਿਵਰਸਟੀ, ਲੁਧਿਆਣਾ (ਪੀ.ਏ.ਯੂ.) ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਨੇ ਅੱਜ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਬਾਰੇ ਇੱਕ ਕੌਫੀਟੇਬਲ ਬੁੱਕ ਨੂੰ ਰਿਲੀਜ਼ ਕੀਤਾ। ਇਹ ਕੌਫੀਟੇਬਲ ਬੁੱਕ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਦੇ ਸੰਬੰਧ ਵਿੱਚ ਤਿਆਰ ਕੀਤੀ ਗਈ ਹੈ।
ਡਾ. ਢਿੱਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਬੇਮਿਸਾਲ ਤਿਆਗ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਰਿਹਾ ਹੈ। ਗੁਰੂ ਜੀ ਦੇ 400 ਸਾਲਾ ਜਨਮ ਦਿਵਸ ਦੇ ਸੰਬੰਧ ਵਿੱਚ ਉਹਨਾਂ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪ੍ਰਸਾਰਿਤ ਕਰਨ ਦੀ ਲੋੜ ਹੈ। ਡਾ. ਢਿੱਲੋਂ ਨੇ ਇਸ ਕੌਫੀਟੇਬਲ ਬੁੱਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਯਾਤਰਾ ਸੰਬੰਧੀ ਰੌਸ਼ਨੀ ਪਾਉਣ ਵਾਲੀ ਸੰਪਾਦਨਾ ਕਿਹਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਯਾਤਰਾ ਬਾਰੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦ੍ਰਿਸ਼ ਇਸ ਕਿਤਾਬ ਵਿੱਚ ਇਕੱਤਰ ਕੀਤੇ ਗਏ ਹਨ। ਇਸ ਇਤਿਹਾਸਕ ਕਾਰਜ ਨੂੰ ਨੇਪਰੇ ਚਾੜਨ ਲਈ ਡਾ. ਢਿੱਲੋਂ ਨੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੀ ਸ਼ਲਾਘਾ ਕੀਤੀ। ਉਹਨਾਂ ਇਹ ਵੀ ਕਿਹਾ ਇਹ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਹਾਨੀ ਸੰਦੇਸ਼ ਨੂੰ ਪ੍ਰਸਾਰਨ ਵਿੱਚ ਜ਼ਰੂਰ ਕਾਮਯਾਬ ਹੋਵੇਗੀ ।
ਕੌਫੀਟੇਬਲ ਬੁੱਕ ਦੇ ਸੰਪਾਦਕ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਬੁੱਕ ਵਿੱਚ ਗੁਰੂ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਤਮਾਮ ਯਾਤਰਾ ਦੇ ਸਾਰੇ ਗੁਰਦੁਆਰਾ ਸਾਹਿਬਾਨ ਗੁਰੂ ਕਾ ਮਹਿਲ (ਅਮ੍ਰਿਤਸਰ) ਤੋਂ ਲੈ ਕੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਤੱਕ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸ੍ਰੀ ਹਰਪ੍ਰੀਤ ਸਿੰਘ ਸੰਧੂ ਨੇ ਕੌਫੀਟੇਬਲ ਬੁੱਕ ਦੀ ਕਾਪੀ ਵਾਈਸ ਚਾਂਸਲਰ ਸਾਹਿਬ ਨੂੰ ਭੇਟ ਕੀਤੀ ਅਤੇ ਇੱਕ ਕਿਤਾਬਾਂ ਦਾ ਸੈੱਟ ਯੂਨੀਵਰਸਿਟੀ ਲਾਇਬ੍ਰੇਰੀ ਲਈ ਭੇਟ ਕੀਤਾ।