ਮੁੱਖ ਮੰਤਰੀ ਵਲੋਂ ‘ਡੈਲਟਾ’ ਅਤੇ ‘ਬ੍ਰਾਜ਼ੀਲ’ ਰੂਪ ਦੇ ਮਾਮਲੇ ਵਧਣ ਦੇ ਮੱਦੇਨਜ਼ਰ ‘ਤੀਜੀ ਲਹਿਰ’ ਲਈ ਤਿਆਰੀਆਂ ਵਧਾਉਣ ਦੇ ਹੁਕਮ

TeamGlobalPunjab
5 Min Read

ਚੰਡੀਗੜ੍ਹ :   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰਾਂ ਦੇ ਸਮੂਹ ਨੂੰ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਸੰਦਰਭ ਵਿਚ ਵੈਕਸੀਨ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।

 

 

ਮੁੱਖ ਮੰਤਰੀ ਨੇ ਕਿਹਾ ਕਿ ਵਾਇਰਸ ਦੇ ਮਹੀਨਾਵਾਰ ਬਦਲਦੇ ਸਰੂਪ ਵਿਚ ਇਹ ਦੇਖਿਆ ਗਿਆ ਕਿ ਭਾਵੇਂ ਮਾਰਚ ਵਿਚ 95 ਫੀਸਦੀ ਸਮੱਸਿਆ ਯੂ.ਕੇ. ਵਾਇਰਸ ਦੇ ਰੂਪ ਕਰਕੇ ਸੀ ਅਤੇ ਅਪ੍ਰੈਲ-2021 ਵਿਚ ਡੈਲਟਾ ਵਾਇਰਸ ਵਧਣਾ ਸ਼ੁਰੂ ਹੋਇਆ ਅਤੇ ਮਈ ਤੱਕ ਇਹ ਹਾਵੀ ਹੋ ਕੇ ਲਗਪਗ 90 ਫੀਸਦੀ ਤੱਕ ਪਹੁੰਚ ਗਿਆ। ਕੋਵਿਡ ਦੀ ਮੀਟਿੰਗ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਚਿੰਤਾ ਦਾ ਵਿਸ਼ਾ ਹੈ ਕਿ ਬ੍ਰਾਜ਼ੀਲ ਵਾਇਰਸ ਦਾ ਰੂਪ ਅਪ੍ਰੈਲ ਵਿਚ ਇਕ ਫੀਸਦੀ ਤੋਂ ਵਧਣਾ ਸ਼ੁਰੂ ਹੋਇਆ ਜੋ ਹੁਣ 8 ਫੀਸਦੀ ‘ਤੇ ਹੈ।

        ਉਨ੍ਹਾਂ ਨੇ ਕੁਝ ਹੋਰ ਸੈਂਪਲਾਂ ਦਾ ਅਧਿਐਨ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਤਾਂ ਕਿ ਸਪੱਸ਼ਟ ਤਸਵੀਰ ਸਾਹਮਣੇ ਲਿਆਉਣ ਦੇ ਨਾਲ-ਨਾਲ ਠੋਸ ਕਾਰਜਨੀਤੀ ਘੜੀ ਜਾ ਸਕੇ। ਸੂਬੇ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਵੈਂਟੀਲੈਂਟਰ ਉਤੇ ਰਹੇ ਮਰੀਜਾਂ ਦੇ ਆਡਿਟ ਦਾ ਅਧਿਐਨ ਕਰਨ ਲਈ ਮਾਹਿਰਾਂ ਦੇ ਗਰੁੱਪ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਭਵਿੱਖ ਲਈ ਇਸ ਸਬੰਧ ਵਿਚ ਜਾਣਕਾਰੀ ਇਕੱਤਰ ਕੀਤੀ ਜਾ ਸਕੇ।

        ਮੁੱਖ ਸਕੱਤਰ ਵਿਨੀ ਮਹਾਜਨ ਨੇ ਖੁਲਾਸਾ ਕੀਤਾ ਕਿ ਡਾ. ਤਲਵਾੜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਵਾਇਰਸ ਦੇ ਸੈਂਪਲਿੰਗ ਦੇ ਪ੍ਰਬੰਧਨ ਦੀ ਕੋਸ਼ਿਸ਼ ਕਰ ਰਹੇ ਹਨ।

        ਮੁੱਖ ਮੰਤਰੀ ਨੇ ਬਲੈਕ ਫੰਗਸ ਦੇ ਸਾਰੇ ਕੇਸ ਘੋਖਣ ਦੇ ਹੁਕਮ ਦਿੱਤੇ ਜਿਸ ਦੇ ਸੂਬੇ ਵਿਚ ਇਸ ਵੇਲੇ 441 ਕੇਸ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ 51 ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 308 ਕੇਸ ਇਲਾਜ ਅਧੀਨ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਕੁੱਲ 441 ਕੇਸਾਂ ਵਿੱਚੋਂ 388 ਕੇਸ ਪੰਜਾਬ ਤੋਂ ਹਨ ਜਦਕਿ ਬਾਕੀ ਕੇਸ ਦੂਜੇ ਸੂਬਿਆਂ ਤੋਂ ਹਨ। ਉਨ੍ਹਾਂ ਕਿਹਾ ਕਿ ਬਿਮਾਰੀ ਦੇ ਇਲਾਜ ਲਈ ਦਵਾਈਆਂ ਦੀ ਢੁਕਵੀਂ ਸਪਲਾਈ ਉਪਲਬਧ ਹੈ।

        ਮੁੱਢਲੇ ਲੱਛਣਾਂ ਦੀ ਸ਼ਨਾਖ਼ਤ ਰਾਹੀਂ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਵਿਰੁੱਧ ਸਮੇਂ ਸਿਰ ਬਣਦੇ ਕਦਮ ਚੁੱਕਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਇਕ ਦਿਨ ਵਿਚ ਲਗਪਗ 50,000 ਟੈਸਟਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੇਕ ਪਾਜੇਟਿਵ ਮਰੀਜ਼ ਦੇ ਬਦਲੇ ਕੰਟੈਕਟ ਟਰੇਸਿੰਗ ਅਤੇ ਟੈਸਟਿੰਗ ਲਈ 15 ਵਿਅਕਤੀਆਂ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਆਖਿਆ ਜਦਕਿ ਘਰੇਲੂ ਏਕਾਂਤਵਾਸ ਦੇ ਮਾਮਲਿਆਂ ਵਿਚ ਨਿਗਰਾਨੀ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੀ ਲੋੜ ਉਤੇ ਜੋਰ ਦਿੱਤਾ।

        ਮੁੱਖ ਮੰਤਰੀ ਨੇ ਟੈਸਟਿੰਗ ਕਿੱਟਾਂ, ਦਵਾਈਆਂ, ਫਤਹਿ ਕਿੱਟਾਂ ਆਦਿ ਦੀ ਢੁੱਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਣਦੇ ਕਦਮ ਚੁੱਕਣ ਦੇ ਹੁਕਮ ਦਿੰਦਿਆਂ ਕਿਹਾ ਪੇਂਡੂ ਇਲਾਕਿਆਂ ਅਤੇ ਛੋਟੇ ਕਸਬਿਆਂ ਵਿਚ ਵਿਸ਼ੇਸ਼ ਤੌਰ ਉਤੇ ਢੁਕਵੀਆਂ ਸਿਹਤ ਸੇਵਾਵਾਂ ਬਰਕਰਾਰ ਰੱਖੀਆਂ ਜਾਣ। ਉਨ੍ਹਾਂ ਕਿਹਾ, “ਸਾਨੂੰ ਹਰੇਕ ਹੈਲਥ ਐਂਡ ਵੈਲਨੈੱਸ ਸੈਂਟਰ ਵਿਚ ਫਤਹਿ ਕਿੱਟਾਂ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਇਸ ਦੀ ਸਮੇਂ ਸਿਰ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।”

          ਮੁੱਖ ਮੰਤਰੀ ਨੇ ਦੱਸਿਆ ਕਿ ‘ਕਰੋਨਾ ਮੁਕਤ ਪੇਂਡੂ ਅਭਿਆਨ’ ਤਹਿਤ 1.6 ਕਰੋੜ ਵਿਅਕਤੀਆਂ (38 ਲੱਖ ਘਰਾਂ) ਦੀ ਲਗਪਗ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ 6982 ਵਿਅਕਤੀ ਪਾਜੇਟਿਵ ਪਾਏ ਗਏ ਜਿਨ੍ਹਾਂ ਨੂੰ ਪ੍ਰੋਟੋਕਾਲ ਮੁਤਾਬਕ ਸਹਾਇਤਾ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਜਾਰੀ ਰੱਖਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਠੀਕਰੀ ਪਹਿਰੇ ਅਤੇ ਹੋਰ ਕਦਮਾਂ ਦੀ ਪਾਲਣਾ ਕਾਇਮ ਰੱਖੀ ਜਾਵੇ ਤਾਂ ਕਿ ਇਨ੍ਹਾਂ ਇਲਾਕਿਆਂ ਵਿਚ ਪਾਜੇਟਿਵਿਟੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਉਨ੍ਹਾਂ ਇਸ ਗੱਲ ਉਤੇ ਜੋਰ ਦਿੱਤਾ ਕਿ ਮਾਈਕ੍ਰੋ-ਕੰਟੇਨਮੈਂਟ ਨੂੰ ਬਿਨਾਂ ਲਾਂਭੇ ਕੀਤੇ ਬਿਨਾਂ ਜਾਰੀ ਰੱਖਣਾ ਚਾਹੀਦਾ ਹੈ।

        ਮੁੱਖ ਮੰਤਰੀ ਨੇ ਵਿਭਾਗਾਂ ਨੂੰ ਭਰਤੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੇ ਹੁਕਮ ਦਿੱਤੇ ਤਾਂ ਕਿ ਜਨਤਕ ਅਤੇ ਪ੍ਰਾਈਵੇਟ ਸੈਕਟਰਾਂ (ਖਾਸ ਤੌਰ ਉਤੇ ਜਿਨ੍ਹਾਂ ਜਿਲਿਆਂ ਵਿਚ ਮੌਤ ਦਰ ਵੱਧ ਹੈ) ਦੀਆਂ ਸਾਰੀਆਂ ਐਲ-2 ਅਤੇ ਐਲ-3 ਸੰਸਥਾਵਾਂ ਵਿਚ ਸਿਹਤ ਸੰਭਾਲ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਅਤੇ ਸਮਰੱਥਾ ਵਧਾ ਕੇ ਢੁਕਵੀਂ ਮਨੁੱਖੀ ਸ਼ਕਤੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦੂਜੀ ਲਹਿਰ ਵਿਚ 25 ਫੀਸਦੀ ਤੋਂ ਵੱਧ ਬੈੱਡਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਦੂਜੀ ਅਤੇ ਤੀਜੀ ਲਹਿਰ ਦਰਮਿਆਨ ਅੰਤਰ ਦੀ ਵਰਤੋਂ ਕਰਕੇ ਸਪੈਸ਼ਲਿਸਟਾਂ ਨੂੰ ਜਾਨ ਬਚਾਉਣ ਵਾਲੇ ਐਨਸਥੀਜੀਆ ਦੇ ਸਕਿੱਲਜ਼ ਵਰਗੇ ਘਾਟ ਵਾਲੇ ਖੇਤਰਾਂ ਸਬੰਧੀ ਸਿੱਖਿਅਤ ਕੀਤਾ ਜਾ ਸਕੇ।

        ਉਨ੍ਹਾਂ ਨੇ ਮਹਾਮਾਰੀ ਨਾਲ ਨਿਪਟਣ ਵਾਸਤੇ ਲਗਾਤਾਰ ਸੁਧਾਰਾਂ ਲਈ ਭਾਰਤੀ ਅਤੇ ਕੌਮਂਤਰੀ ਮਾਹਿਰਾਂ ਨਾਲ ਕੀਤੀ ਡੂੰਘੀ ਵਿਚਾਰ-ਚਰਚਾ ਲਈ ਡਾ. ਕੇ.ਕੇ. ਤਲਵਾੜ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।

Share This Article
Leave a Comment