ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਮੁੱਖ ਮੰਤਰੀ ਮਾਨ

Global Team
3 Min Read

ਚੰਡੀਗੜ੍ਹ : ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਆਯੋਜਿਤ ਸਾਲਾਨਾ ਸ਼ਹੀਦੀ ਸਭਾ ਦਾ ਅੱਜ ਦੂਜਾ ਦਿਨ ਹੈ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਚਰਨਾਂ ‘ਚ ਮੱਥਾ ਟੇਕਿਆ।

ਉਨ੍ਹਾਂ ਟਵੀਟ ਕੇ ਕਿਹਾ ਕਿ “ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫ਼ਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਯਾਦ ‘ਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਲਾਨਾ ਜੋੜ ਮੇਲ ਮੌਕੇ ਅੱਜ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ। ਗੁਰੂ ਚਰਨਾਂ ‘ਚ ਮੱਥਾ ਟੇਕਿਆ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ। ਛੋਟੇ ਫ਼ਰਜ਼ੰਦਾਂ ਦੀ ਕੌਮ ਪ੍ਰਤੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਇਤਿਹਾਸ ‘ਚ ਕਿਤੇ ਨਹੀਂ ਮਿਲਦੀ। ਉਹਨਾਂ ਦੇ ਦ੍ਰਿੜ ਇਰਾਦੇ-ਜਜ਼ਬੇ ਰਹਿੰਦੀ ਦੁਨੀਆ ਤੀਕ ਸਾਡੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।”

ਦੱਸ ਦਈਏ ਕਿ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਸਭਾ ਕੱਲ੍ਹ 25 ਦਸੰਬਰ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋਈ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇਥੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ ਛੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਪੂਰੇ ਸਮਾਗਮ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਛੇ ਐਸਪੀ ਰੈਂਕ ਦੇ ਅਧਿਕਾਰੀਆਂ ਅਤੇ 24 ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 3400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੀ ਬੀਤੇ ਕੱਲ੍ਹ ਇਸ ਪਵਿੱਤਰ ਸਥਾਨ ‘ਤੇ ਨਤਮਸਤਕ ਹੋਏ ਅਤੇ ਧਾਰਮਿਕ ਸਮਾਗਮ ਦੇ ਸੁਚਾਰੂ, ਸੁਰੱਖਿਅਤ ਅਤੇ ਵਿਵਸਥਿਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਬਹੁ-ਪੱਧਰੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਯੋਜਨਾ ਦਾ ਨਿੱਜੀ ਤੌਰ ‘ਤੇ ਜਾਇਜ਼ਾ ਲਿਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment