ਚੰਡੀਗੜ੍ਹ: CM ਮਾਨ ਨੇ ਬਠਿੰਡਾ ਦੇ ਮਲਟੀਪਰਪਜ਼ ਖੇਡ ਸਟੇਡੀਅਮ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਖੇਡਾਂ ਲਈ 5.94 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਤੰਜ ਕੱਸਿਆ ਹੈ।ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਤਾਂ ਭਾਵੇਂ ਇਥੋਂ ਹੀ ਸਨ ਪਰ ਉਨ੍ਹਾਂ ਦੇ ਕਹਿਣ ਦੀ ਆਦਤ ਸੀ ਕਿ ਖਜ਼ਾਨਾ ਖਾਲੀ ਹੈ। ਜੇਕਰ ਨੀਅਤ ਸਾਫ ਹੋਵੇ ਤਾਂ ਖਜ਼ਾਨੇ ਖਾਲੀ ਨਹੀਂ ਰਹਿੰਦੇ ਜੋ 50 ਖਿਡਾਰੀ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਜਾਣਗੇ, ਉਨ੍ਹਾਂ ਨੂੰ ਅਸੀਂ 8-8 ਲੱਖ ਰੁਪਏ ਖੇਡ ਦੀ ਤਿਆਰੀ ਲਈ ਦੇ ਰਹੇ ਹਾਂ। ਜਿੱਤ ਤੇ ਆਉਣ ‘ਤੇ ਉਨ੍ਹਾਂ ਨੂੰ ਇਨਾਮ ਵੱਖ ਤੋਂ ਦੇਵਾਂਗੇ।
CM ਮਾਨ ਨੇ ਅਕਾਲੀ ਦਲ ‘ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਉਹ ਸਮਾਂ ਵੀ ਵੇਖਿਆ ਹੈ ਕਿ ਜਦੋਂ ਕਬੱਡੀ ਕੱਪ ਦੌਰਾਨ ਸ਼ਾਹਰੂਖ ਖਾਨ ਅਤੇ ਪ੍ਰਿਅੰਕਾ ਚੋਪੜਾ ਨੂੰ 5-5 ਕਰੋੜ ਰੁਪਏ ਦੇਕੇ 10-10 ਮਿੰਟਾਂ ਦੀ ਪਰਫਾਰਮੈਂਸ ਲਈ ਬੁਲਾਇਆ ਜਾਂਦਾ ਸੀ ।
ਉਨ੍ਹਾਂ ਕਿਹਾ ਕਿ ਖੇਡ ਮੰਤਰੀ ਨਰਸਰੀ ਤੋਂ ਬੱਚਿਆਂ ਨੂੰ ਖੇਡਾਂ ਵਿਚ ਲਗਾ ਰਹੇ ਹਨ। ਉਹ ਉਨ੍ਹਾਂ ਨੂੰ ਓਲੰਪਿਕਸ ਵਿਚ ਲੈ ਕੇ ਜਾਣਗੇ। 31 ਅਗਸਤ ਤੋਂ 9 ਸਤੰਬਰ ਤੱਕ ਬਲਾਕ ਦੇ ਮੁਕਾਬਲਾ ਹੋਣਗੇ।ਇਸ ਦੇ ਬਾਅਦ ਜ਼ਿਲ੍ਹਾ ਤੇ ਸੂਬਾ ਪੱਧਰ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਰਾਸ਼ਟਰਵਾਦੀ ਹਾਂ। ਆਜ਼ਾਦੀ ਲੈਣ ਦੇ ਸਮੇਂ ਵੀ ਪੰਜਾਬੀ ਅੱਗੇ ਰਹੇ। ਦੇਸ਼ ਦਾ ਪੇਟ ਭਰਨ ਲਈ ਵੀ ਪੰਜਾਬੀ ਅੱਗੇ ਰਹੇ। ਸਾਨੂੰ ਮਾਣ ਹੈ ਕਿ ਭਾਰਤ ਦੀ ਹਾਕੀ ਟੀਮ ਵਿਚ 11 ਖਿਡਾਰੀਆਂ ਵਿਚੋਂ 9 ਪੰਜਾਬ ਤੋਂ ਹਨ।ਉਨ੍ਹਾਂ ਕਿਹਾ ਕਿ 2021 ਵਿਚ ਜਿਹੜੇ ਖਿਡਾਰੀਆਂ ਨੇ ਓਲੰਪਿਕਸ ਵਿਚ ਹਿੱਸਾ ਲਿਆ ਸੀ, ਉਨ੍ਹਾਂ ਨੂੰ ਤਤਕਾਲੀਨ ਸਰਕਾਰ ਨੇ ਨੌਕਰੀ ਨਹੀਂ ਦਿੱਤੀ, ਉਨ੍ਹਾਂ ਨੂੰ ਅਸੀਂ ਨੌਕਰੀ ਦੇਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਅੱਠ ਉਮਰ ਵਰਗਾਂ ਵਿੱਚ 35 ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੀ ਵਾਰ ਖੇਡਾਂ ਵਿੱਚ ਰਗਬੀ, ਸਾਈਕਲਿੰਗ, ਘੋੜ ਸਵਾਰੀ, ਵੁਸ਼ੂ ਅਤੇ ਸ਼ੂਟਿੰਗ ਵਾਲੀਬਾਲ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 14 ਸਾਲ ਉਮਰ ਵਰਗ, 17 ਸਾਲ ਉਮਰ ਵਰਗ, 21 ਸਾਲ ਉਮਰ ਵਰਗ, 21-30 ਸਾਲ, 31-40 ਸਾਲ, 41-55 ਸਾਲ, 56-65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਵਿੱਚ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖਿਡਾਰੀਆਂ ਨੂੰ 7 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਸੋਨ ਤਗਮਾ ਜੇਤੂ ਲਈ 10,000 ਰੁਪਏ, ਚਾਂਦੀ ਤਗਮਾ ਜੇਤੂ ਲਈ 7000 ਰੁਪਏ ਅਤੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ 5000 ਰੁਪਏ ਦਿੱਤੇ ਜਾਣਗੇ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.