ਤਰਨਤਾਰਨ ’ਚ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਕੀਤਾ ਲਾਂਚ

Global Team
3 Min Read

ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਅੱਜ ‘ਆਪ’ ਸਰਕਾਰ ਨੇ ਪੰਜਾਬ ਪੁਲਿਸ ਨੂੰ 3 ਐਂਟੀ-ਡਰੋਨ ਸਿਸਟਮ ਸੌਂਪੇ ਹਨ। ਪੰਜਾਬ ਆਧੁਨਿਕ ਐਂਟੀ-ਡਰੋਨ ਸਿਸਟਮ ਨਾਲ ਲੈਸ ਪਹਿਲਾ ਸੂਬਾ ਬਣ ਗਿਆ ਹੈ। ਇਸਦਾ ਰਸਮੀ ਉਦਘਾਟਨ ਤਰਨਤਾਰਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਲਾਂਚ ਕੀਤਾ। ਇਹ ਐਂਟੀ ਡਰੋਨ ਸਿਸਟਮ ਪਠਾਨਕੋਟ ਤੋਂ ਫ਼ਾਜ਼ਿਲਕਾ ਤਕ ਸੰਵੇਦਨਸ਼ੀਲ ਖੇਤਰਾਂ ਵਿਚ ਸਰਗਰਮ ਹੋਵੇਗਾ ਤੇ ਸਰਹੱਦ ਦੇ ਪਾਰ ਤੋਂ ਆਉਣ ਵਾਲੇ ਡਰੋਨਾਂ ਤੇ ਨਸ਼ਾ ਤਸਕਰਾਂ ’ਤੇ ਬਾਜ਼ ਅੱਖ ਰੱਖੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਐਂਟੀ ਡਰੋਨ ਸਿਸਟਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀ.ਐਸ.ਐਫ਼ ਨਾਲ ਸਹਿਯੋਗ ਕੀਤਾ ਜਾਵੇਗਾ।  ਮੁੱਖ ਮੰਤਰੀ ਭਗਵੰਤ ਮਾਨ ਨੇ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਸਬੰਧੀ ਦਸਿਆ ਕਿ ‘ਯੁੱਧ ਨਸ਼ਿਆਂ ਵਿਰੁਧ’ ਸਕੂਲਾਂ ’ਚ ਹੁਣ ਸਿਲੇਬਸ ਦੇ ਤੌਰ ’ਤੇ ਪੜ੍ਹਾਇਆ ਜਾਵੇਗਾ। ਮਾਹਰ ਤੇ ਵਿਗਿਆਨੀ ਨਸ਼ਿਆਂ ਵਿਰੁਧ ਜਾਗਰੂਕਤਾ ਲਈ ਲੈਕਚਰ ਦੇਣਗੇ। ਇਸ ਤੋਂ ਇਲਾਵਾ ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਕਿੱਤਿਆਂ ਲਈ ਨਿਪੁੰਨ ਬਣਾਇਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2009 ਤਕ ਲਗਭਗ 1000 ਬੱਚੇ ਨਸ਼ੇ ਤੋਂ ਪੀੜਤ ਸਨ, 2015 ਤੱਕ ਲਗਭਗ 20 ਲੱਖ ਤਕ ਬੱਚੇ ਨਸ਼ੇ ਤੋਂ ਪੀੜਤ ਹੋ ਗਏ। ਉਨ੍ਹਾਂ ਕਿਹਾ ਸਰਕਾਰ ਨਸ਼ਾ ਤਸਕਰਾਂ ਵਲੋਂ ਨਸ਼ੇ ਦੇ ਪੈਸੇ ਨਾਲ ਬਣਾਏ ਮਹਿਲ ਸਰਕਾਰ ਜਬਤ ਕਰੇਗੀ। ਉਨ੍ਹਾਂ ਕਿਹਾ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਰਹਾਂਗੇ।

ਸਰਕਾਰ ਨੇ 51.41 ਕਰੋੜ ਰੁਪਏ ਦੀ ਲਾਗਤ ਨਾਲ 9 ਹਾਈ-ਟੈਕ ਐਂਟੀ-ਡਰੋਨ ਸਿਸਟਮ ਖਰੀਦੇ ਹਨ। ਇਹ ਸਿਸਟਮ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਨੂੰ ਰੋਕਣ ਵਿੱਚ “ਗੇਮ-ਚੇਂਜਰ” ਸਾਬਤ ਹੋਣਗੇ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਾ ਸਿਰਫ਼ ਡਰੋਨ ਅਤੇ ਇਸਦੇ ਕੰਟਰੋਲ ਸਟੇਸ਼ਨ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਹਨ, ਸਗੋਂ ਅਸਲ-ਸਮੇਂ ਦੇ ਨਕਸ਼ੇ ‘ਤੇ ਅਲਰਟ ਅਤੇ ਖ਼ਤਰੇ ਦੀ ਆਟੋਮੈਟਿਕ ਚੇਤਾਵਨੀ ਵੀ ਜਾਰੀ ਕਰ ਸਕਦੇ ਹਨ।

ਪੰਜਾਬ ਪੁਲਿਸ ਨੇ ਹਾਲ ਹੀ ਦੇ ਸਾਲਾਂ ਵਿੱਚ ਡਰੋਨਾਂ ਰਾਹੀਂ ਤਸਕਰੀ ‘ਤੇ ਕਈ ਵੱਡੇ ਹਮਲੇ ਕੀਤੇ ਹਨ। 2022 ਤੋਂ 15 ਜੁਲਾਈ, 2025 ਤੱਕ, 591 ਡਰੋਨ ਬਰਾਮਦ ਕੀਤੇ ਗਏ ਸਨ। ਜਿਸ ਤੋਂ 932 ਕਿਲੋ ਹੈਰੋਇਨ, 263 ਪਿਸਤੌਲ, 14 ਏਕੇ-47 ਰਾਈਫਲਾਂ, 66 ਹੈਂਡ ਗ੍ਰਨੇਡ ਅਤੇ 15 ਕਿਲੋ ਆਰਡੀਐਕਸ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ 22 ਹਜ਼ਾਰ ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Share This Article
Leave a Comment