ਨਵੀਂ ਦਿੱਲੀ (ਦਵਿੰਦਰ ਸਿੰਘ) : ਬੀਤੇ 10 ਦਿਨਾਂ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੌਥੀ ਵਾਰ ਦਿੱਲੀ ਪਹੁੰਚੇ ਹਨ। ਅੱਜ ਮੁੱਖ ਮੰਤਰੀ ਚੰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਹਨ।
ਮੁੱਖ ਮੰਤਰੀ ਚੰਨੀ ‘ਕਪੂਰਥਲਾ ਹਾਊਸ’ ਪਹੁੰਚੇ ਹਨ ਅਤੇ ਉਹ 4 ਵਜੇ ਪੀ ਐਮ ਹਾਊਸ ਜਾਣਗੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਸ਼ਾਮ 6 ਵਜੇ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਪੰਜਾਬ ਦੇ ਤਾਜ਼ਾ ਹਾਲਾਤ ‘ਤੇ ਸਥਿਤੀ ਸਪੱਸ਼ਟ ਕਰਨਗੇ।
ਮੁੱਖ ਮੰਤਰੀ ਚੰਨੀ ਲਈ ਅੱਜ ਦਾ ਦਿੱਲੀ ਦੌਰਾ ਕਾਫ਼ੀ ਅਹਿਮ ਰਹਿਣ ਵਾਲਾ ਹੈ, ਕਿਉਕਿ ਅੱਜ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਵਾਇਦ ਹੋਰ ਤੇਜ ਹੋ ਸਕਦੀ ਹੈ ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਦਿਨ ਦਿੱਲੀ ‘ਚ ਰਹਿ ਕੇ ਗਏ ਹਨ ਅਤੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਕੈਪਟਨ ਦੇ ਤੇਵਰਾਂ ਨੂੰ ਵੇਖ ਕੇ ਇਹ ਸਾਫ਼ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਲਈ ਚੁਣੌਤੀ ਖੜੀ ਕਰਨਗੇ। ਉਨ੍ਹਾਂ ਸਾਫ ਕੀਤਾ ਹੈ ਕਿ ਉਹ ਬੀਜੇਪੀ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਉਹ ਕਾਂਗਰਸ ਨੂੰ ਵੀ ਜਲਦ ਅਲਵਿਦਾ ਕਹਿ ਸਕਦੇ ਹਨ।