Home / News / ਚੰਨੀ ਨੇ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਹਿੱਤਾਂ ਨਾਲ ਕੀਤਾ ਸਮਝੌਤਾ : ਸੁਖਬੀਰ ਬਾਦਲ

ਚੰਨੀ ਨੇ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਦੇ ਹਿੱਤਾਂ ਨਾਲ ਕੀਤਾ ਸਮਝੌਤਾ : ਸੁਖਬੀਰ ਬਾਦਲ

ਚੰਨੀ ਤਸਵੀਰਾਂ ਖਿਚਵਾਉਣ ਦੀ ਥਾਂ ਸੂਬੇ ਅਤੇ ਇਸਦੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਲਈ ਫੈਸਲਾਕੁੰਨ ਲੜਾਈ ਲੜਨ : ਸੁਖਬੀਰ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਕੁਰਸੀ ਬਚਾ ਕੇ ਸੱਤਾ ’ਤੇ ਬਣੇ ਰਹਿਣ ਲਈ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ।

ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਲਈ ਕੇਂਦਰ ਸਰਕਾਰ ਦੇ ਫੈਸਲੇ ਵਾਸਤੇ ਸਹਿਮਤੀ ਦੇ ਕੇ ਸੁਬੇ ਦੇ ਹਿੱਤ ਵੇਚੇ ਹਨ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਕੇਂਦਰੀ ਬਲਾਂ ਨੁੰ ਹੁਣ ਤਕਰੀਬਨ ਅੱਧੇ ਸੂਬੇ ਵਿਚ ਪੁਲਿਸ ਦੀਆਂ ਤਾਕਤਾਂ ਮਿਲ ਗਈਆਂ ਹਨ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਿਰਫ ਤਸਵੀਰਾਂ ਖਿੱਚਵਾਉਣ ’ਤੇ ਹੀ ਜ਼ੋਰ ਨਾ ਦੇਣ ਬਲਕਿ ਪੰਜਾਬੀ ਉਹਨਾਂ ਤੋਂ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਅਨਿਆਂ ਖਿਲਾਫ ਫੈਸਲਾਕੁੰਨ ਕਾਰਵਾਈ ਦੀ ਉਮੀਦ ਰੱਖਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਤੁਸੀਂ ਐਸ.ਸੀ. ਭਾਈਚਾਰੇ ਨਾਲ ਹੋਈ ਧੱਕੇਸ਼ਾਹੀ ਖਾਸ ਤੌਰ ’ਤੇ ਤੁਹਾਡੇ ਕੈਬਨਿਟ ਦੇ ਸਾਥੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ ਐਸ.ਸੀ. ਸਕਾਲਰਸ਼ਿਪ ਘੁਟਾਲੇ ਦਾ ਨਿਆਂ ਵੀ ਐਸ.ਸੀ. ਵਿਦਿਆਰਥੀਆਂ ਨੂੰ ਦਿਓ।

   

 ਬਾਦਲ ਨੇ ਮੁੱਖ ਮੰਤਰੀ ਵੱਲੋਂ ਪਹਿਲਾਂ ਕੈਬਨਿਟ ਮੰਤਰੀ ਹੁੰਦਿਆਂ ਕਮਜ਼ੋਰ ਵਰਗਾਂ ਦੀ ਭਲਾਈ ਦੀ ਗੱਲ ਨਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਲੱਖਾਂ ਬੀ ਪੀ ਐਲ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਗਏ ਪਰ ਤੁਸੀਂ ਕਦੇ ਵੀ ਉਹਨਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਹੁਣ ਵੀ ਤੁਸੀਂ ਉਹਨਾਂ ਦੇ ਇਹ ਲਾਭ ਬਹਾਲ ਕਰਨ ਵਾਸਤੇ ਕੋਈ ਯਤਨ ਨਹੀਂ ਕਰ ਰਹੇ ਜਿਹਨਾਂ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਹੱਕ ਖੋਹੇ ਗਏ ਸਨ।

ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਚੰਨੀ ਬੇਅਸਰ ਮੁੱਖ ਮੰਤਰੀ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨ ਦੀ ਥਾਂ ’ਤੇ ਗਾਂਧੀ ਪਰਿਵਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨੇ ਪਹਿਲਾਂ ਵੀ ਅਜਿਹਾ ਕੀਤਾ ਸੀ ਜਦੋਂ ਉਹਨਾ ਗਾਂਧੀ ਪਰਿਵਾਰ ਦੀਆਂ ਇੱਛਾਵਾਂ ਮੁਤਾਬਕ ਕੰਮ ਕੀਤਾ ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਕਾਲੇ ਕਾਨੂੰਨ ਬਣਾਉਣ ਵਾਲੀ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਹੁੰਦਿਆਂ ਇਹਨਾਂ ਦੇ ਆਰਡੀਨੈਂਸ ਜਾਰੀ ਕਰਨ ਲਈ ਸਹਿਮਤੀ ਦਿੱਤੀ ਸੀ।

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਜਿੰਦਰ ਪਾਲ ਸਿੰਘ ਗਿੱਲ ਦਾ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਰਾਜਿੰਦਰ ਗਿੱਲ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦੇਣ ਦਾ ਭਰੋਸਾ ਦੁਆਇਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀਤੀ ਤੇ ਰੋਡ ਸ਼ੌਅ ਵੀ ਕੱਢਿਆ। ਉਹਨਾਂ ਨੇ ਨੌਜਵਾਨਾਂ, ਡਾਕਟਰਾਂ, ਉਦਯੋਗਪਤੀਆਂ, ਵਪਾਰੀਆਂ ਤੇ ਹੋਰ ਪ੍ਰੋਫੈਸ਼ਨਲ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਵਾਲਮੀਕਿ ਮੰਦਿਰ ਵਿਖੇ ਵੀ ਮੱਥਾ ਟੇਕਿਆ ਤੇ ਵਾਲਮੀਕਿ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਸਮਾਜ ਦੇ ਸਾਰੇ ਵਰਗਾਂ ਦਾ ਬਰਾਬਰ ਵਿਕਾਸ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਐਸ ਸੀ ਤੇ ਬੀ ਸੀ ਵਰਗ ਦੇ ਸਾਰੇ ਬੇਘਰੇ ਲੋਕਾਂ ਨੂੰ ਪੰਜ ਪੰਜ ਲੱਖ ਘਰ ਬਦਾ ਕੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਅਤੇ ਹਰ ਖਪਤਕਾਰ ਨੂੰ 400 ਯੂਨਿਟ ਬਿਜਲੀ ਹਰ ਮਹੀਨੇ ਮੁਫਤ ਮਿਲੇਗੀ।

ਪਰਵਾਸੀ ਭਾਈਚਾਰੇ ਨਾਲ ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਵਿਕਾਸ ਵਿਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਦੀ ਮੰਗ ਦਾ ਸਤਿਕਾਰ ਕਰਦਿਆਂ ਉਹਨਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਪਰਵਾਸੀ ਭਲਾਈ ਬੋਰਡ ਬਣਾਇਆ ਜਾਵੇਗਾ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਸਾਰੇ ਪ੍ਰਵਾਸੀ ਵਰਕਰਾਂ ਨੁੰ ਸਾਰੇ ਬੁਨਿਆਦੀ ਹੱਕ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾਂ ਨੇ ਅੰਬੇਦਕਰ ਨਗਰ ਦੀਆਂ ਭੀੜੀਆਂ ਗਲੀਆਂ ਵਿਚੋਂ ਲੰਘ ਕੇ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਪੀਣ ਵਾਲਾ ਪਾਣੀ, ਸਹੀ ਡਰੇਨੇਜ ਵਿਵਸਥਾ ਤੇ ਉਹਨਾਂ ਦੇ ਮਕਾਨਾਂ ਦੀ ਮਲਕੀਅਤ ਪ੍ਰਦਾਨ ਕੀਤੀ ਜਾਵੇਗੀ।

Check Also

ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ …

Leave a Reply

Your email address will not be published. Required fields are marked *