ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ 100 ਵਰ੍ਹਿਆਂ ਦੇ ਹਰਬੰਸ ਸਿੰਘ ਦੇ ਸਬਰ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਹੈ, ਜੋ ਇਸ ਉਮਰ ਵਿੱਚ ਅਜੇ ਵੀ ਆਪਣੇ ਅਤੇ ਆਪਣੇ ਪੋਤੇ-ਪੋਤੀਆਂ ਲਈ ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।
ਮੁੱਖ ਮੰਤਰੀ ਨੇ ਹਰਬੰਸ ਸਿੰਘ ਨੂੰ ਤੁਰੰਤ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਉਸਦੇ ਪੋਤੇ-ਪੋਤੀਆਂ ਨੂੰ ਸਿੱਖਿਆ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਸ ਸਬੰਧ ਵਿਚ ਟਵੀਟ ਕਰਦੇ ਹੋਏ ਬਜ਼ੁਰਗ ਹਰਬੰਸ ਸਿੰਘ ਨੂੰ ਵਿੱਤੀ ਸਹਾਇਤਾ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ।
Hats off to the grit of centenarian Harbans Singh of Moga, who has been earning a livelihood for himself and his orphaned grandchildren by selling vegetables. Have sanctioned Rs. 5 lakh as immediate financial assistance for him and for the education of his grandchildren. pic.twitter.com/fOcCTMoqjD
— Capt.Amarinder Singh (@capt_amarinder) July 17, 2021
ਮਹੱਤਵਪੂਰਣ ਗੱਲ ਇਹ ਹੈ ਕਿ ਹਰਬੰਸ ਸਿੰਘ ਦੀ ਇਸ ਕਹਾਣੀ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਹਾਲ ਹੀ ਵਿਚ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ ਮੋਗਾ ਦੇ ਵਸਨੀਕ 100 ਸਾਲਾਂ ਦੇ ਹਰਬੰਸ ਸਿੰਘ ਅਜੇ ਵੀ ਆਪਣੇ ਮ੍ਰਿਤਕ ਪੁੱਤਰ ਦੇ ਬੱਚਿਆਂ ਦੀ ਦੇਖਭਾਲ ਲਈ ਰੇਹੜੀ ‘ਤੇ ਪਿਆਜ਼ ਅਤੇ ਆਲੂ ਵੇਚਦੇ ਹਨ। ਕੁਝ ਸਾਲ ਪਹਿਲਾਂ ਉਸ ਦੇ ਇਕ ਬੇਟੇ ਦੀ ਮੌਤ ਅਤੇ ਕਥਿਤ ਤੌਰ ‘ਤੇ ਉਨ੍ਹਾਂ ਦੀ ਨੂੰਹ ਨੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਹਰਬੰਸ ਸਿੰਘ ਆਪਣੇ ਪੋਤੇ ਅਤੇ ਪੋਤੀ ਦੀ ਪਰਵਰਿਸ਼ ਕਰ ਰਹੇ ਹਨ । ਉਨ੍ਹਾਂ ਦਾ ਇਕ ਪੁੱਤਰ ਫਲ ਵੇਚਦਾ ਹੈ ਪਰ ਉਨ੍ਹਾਂ ਤੋਂ ਵੱਖ ਰਹਿੰਦਾ ਹੈ।