ਜਗਤਾਰ ਸਿੰਘ ਸਿੱਧੂ;
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਦੀ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਆਪਣੀ ਪੂਰੀ ਸ਼ਕਤੀ ਝੋਕ ਦਿੱਤੀ ਹੈ। ਸੂਬੇ ਨੇ ਪਿਛਲੀਆਂ ਸਰਕਾਰਾਂ ਵੀ ਵੇਖੀਆਂ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਨਸ਼ਿਆਂ ਵਿਰੁੱਧ ਮੁਹਿੰਮ ਕੇਂਦਰ ਬਿੰਦੂ ਬਣ ਗਈ ਹੈ। ਅੱਜ ਮੁੱਖ ਮੰਤਰੀ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਵਾਂ ਸ਼ਹਿਰ ਦੇ ਪਿੰਡ ਤੋਂ ਪਦ ਯਾਤਰਾ ਮੁਹਿੰਮ ਸ਼ੁਰੂ ਕੀਤੀ ਗਈ। ਨਸ਼ਿਆਂ ਵਿਰੁੱਧ ਜੰਗ ਦਾ ਸੰਕਲਪ ਲਿਆ ਗਿਆ ਕਿ ਪੰਜਾਬ ਦੇ ਹਰ ਪਿੰਡ , ਗਲੀ ਅਤੇ ਮੁਹੱਲੇ ਦੇ ਘਰ ਘਰ-ਘਰ ਤੱਕ ਸੁਨੇਹਾ ਜਾਵੇਗਾ।
ਪਹਿਲੇ ਦਿਨ ਦੀ ਪਦ ਯਾਤਰਾ ਸ਼ਹੀਦ ਭਗਤ ਸਿੰਘ ਦੀ ਧਰਤ ਤੋਂ ਸ਼ੁਰੂ ਕੀਤੀ ਗਈ। ਪਿੰਡ ਦੇ ਲੋਕਾਂ ਨੇ ਸੰਕਲਪ ਲਿਆ ਕਿ ਨਸ਼ਾ ਵੇਚਣ ਵਾਲੇ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਜੇਕਰ ਕੋਈ ਨਸ਼ਾ ਵੇਚਦਾ ਪੁਲਿਸ ਦੇ ਕਾਬੂ ਆ ਗਿਆ ਤਾਂ ਪਿੰਡ ਦਾ ਕੋਈ ਵਿਅਕਤੀ ਉਸ ਦੀ ਜਮਾਨਤ ਨਹੀਂ ਕਰਵਾਏਗਾ। ਸਾਰੇ ਜਿਲਿਆਂ ਵਿਚ ਨਸ਼ਾ ਵਿਰੋਧੀ ਪੈਦਲ ਯਾਤਰਾ ਹੋਵੇਗੀ । ਸਾਰੀਆਂ ਸਮਾਜਿਕ ਸੰਸਥਾਵਾਂ , ਪੰਚਾਇਤਾਂ ਅਤੇ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਨਸ਼ਾ ਵਿਰੋਧੀ ਮੁਹਿੰਮ ਲੋਕ ਲਹਿਰ ਬਣਕੇ ਪੰਜਾਬ ਨੂੰ ਨਸ਼ਿਆਂ ਦੈ ਕੋਹੜ ਤੋਂ ਮੁਕਤ ਕਰਨ ਦਾ ਨਿਸ਼ਾਨਾ ਹੈ। ਮੁੱਖ ਮੰਤਰੀ ਮਾਨ ਨੇ ਸੱਦਾ ਦਿੱਤਾ ਹੈ ਕਿ ਨਸ਼ਿਆਂ ਤੋਂ ਮੁਕਤ ਕਰਕੇ ਹੀ ਰੰਗਲਾ ਪੰਜਾਬ ਬਣੇਗਾ। ਇਸ ਤੋਂ ਪਹਿਲਾਂ ਪੰਜਾਬ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਖਤਮ ਕਰਨ ਲਈ ਪੀਲਾ ਪੰਜਾ ਚਲਾਇਆ ਗਿਆ। ਇਹ ਪੁਲਿਸ ਅਤੇ ਪ੍ਰਸ਼ਾਸਨਿਕ ਪੱਧਰ ਦੀ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਦਾ ਸੁਨੇਹਾ ਸੀ ਪਰ ਸਮਾਜਿਕ ਪੱਧਰ ਦੀ ਸਰਗਰਮੀ ਨਾਲ ਹੀ ਇਹ ਲੜਾਈ ਸਾਰਥਿਕ ਸਿੱਟੇ ਦੇਵੇਗੀ। ਇਸ ਤੋਂ ਪਹਿਲਾਂ ਮਾਲਵਾ ਦੇ ਕਈ ਵੱਡੇ ਪਿੰਡਾਂ ਨੇ ਆਪਣੇ ਪੱਧਰ ਤੇ ਕਮੇਟੀਆਂ ਬਣਾਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਤਕੜੇ ਸ਼ਲਾਘਾਯੋਗ ਉਪਰਾਲੇ ਕੀਤੇ ਹਨ। ਇਹ ਕਮੇਟੀਆਂ ਵੀ ਇਸ ਮੁਹਿੰਮ ਨਾਲ ਜੋੜੀਆਂ ਜਾਣ ਤਾਂ ਜੋ ਜਮੀਨੀ ਪੱਧਰ ਉੱਤੇ ਸਾਰਥਿਕ ਨਤੀਜੇ ਆਉਣ ਵਿੱਚ ਮਦਦ ਮਿਲ ਸਕੇ।
ਮੁੱਖ ਮੰਤਰੀ ਮਾਨ ਨੇ ਇਸ ਮੁਹਿੰਮ ਵਿੱਚ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨੇ ਉਤੇ ਲਿਆ ਹੈ । ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਹਨ ਅਤੇ ਇੰਨਾਂ ਧਿਰਾਂ ਦੀਆਂ ਸਰਕਾਰਾਂ ਵੇਲੇ ਨਸ਼ਾ ਲਗਾਤਾਰ ਵਧਦਾ ਹੀ ਚਲਾ ਗਿਆ ।ਅਸਲ ਵਿੱਚ ਪੁਲ਼ੀਸ ਅੰਦਰ ਕੁਝ ਅਨਸਰਾਂ ਸਮੇਤ ਰਾਜਸੀ ਅਤੇ ਨਸ਼ਾ ਤਸਕਰਾਂ ਦੇ ਨਾਪਾਕ ਗਠਜੋੜ ਦੇ ਚੱਲਦਿਆਂ ਨਸ਼ੇ ਨੂੰ ਠੱਲ ਨਹੀਂ ਪਈ। ਕੇਵਲ ਐਨਾ ਹੀ ਨਹੀਂ ਸਗੋਂ ਚੋਣਾਂ ਵੇਲੇ ਵੋਟਾਂ ਲੈਣ ਲਈ ਨਸ਼ੇ ਇਕ ਵਡਾ ਕਾਰਨ ਬਣ ਗਏ ਹਨ।
ਵਿਰੋਧੀ ਧਿਰਾਂ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਸਰਕਾਰ ਉਪਰ ਸਵਾਲ ਚੁੱਕ ਰਹੀਆਂ ਹਨ ਅਤੇ ਇਹ ਵਿਰੋਧੀ ਧਿਰਾਂ ਦਾ ਅਧਿਕਾਰ ਵੀ ਹੈ ਪਰ ਇਹ ਰਾਜਸੀ ਧਿਰਾਂ ਜਿਥੇ ਆਪੋ ਆਪਣੇ ਸਮਿਆਂ ਲਈ ਜਿੰਮੇਵਾਰ ਹਨ ਉੱਥੇ ਮੌਜੂਦਾ ਸਰਕਾਰ ਨੂੰ ਲੋਕਾਂ ਵੱਲੋਂ ਮਿਲੇ ਫ਼ਤਵੇ ਦਾ ਇੰਤਜਾਰ ਕਰਨਾ ਹੋਵੇਗਾ ਅਤੇ ਕੌਣ ਸਹੀ ਜਾਂ ਗਲਤ ਦਾ ਫੈਸਲਾ ਪੰਜਾਬੀਆਂ ਵਲੋਂ ਹੀ ਕੀਤਾ ਜਾਵੇਗਾ।
ਸੰਪਰਕ 9814002186