ਮੁੱਖ ਮੰਤਰੀ ਨੇ ਮਾਰਕਫੈੱਡ ਨੂੰ ਖਪਤਕਾਰਾਂ ਦੇ ਵੱਡੇ ਵਰਗ ਤੱਕ ਪਹੁੰਚ ਲਈ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ

Prabhjot Kaur
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪ੍ਰਮੁੱਖ ਸਹਿਕਾਰੀ ਅਦਾਰੇ ਮਾਰਕਫੈੱਡ ਨੂੰ ਬਹੁਪੱਖੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਸੂਬੇ ਵਿੱਚ ਹੀ ਨਹੀਂ, ਸਗੋਂ ਦੇਸ਼ ਤੇ ਵਿਦੇਸ਼ਾਂ ਦੀ ਮੰਡੀ ਵਿੱਚ ਵੀ ਖਪਤਕਾਰਾਂ ਦੇ ਵੱਡੇ ਹਿੱਸੇ ਨੂੰ ਮਿਆਰੀ ਉਤਪਾਦ ਮੁਹੱਈਆ ਕੀਤੇ ਜਾ ਸਕਣ।

ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਆਪਣੇ ਦਫ਼ਤਰ ਵਿਖੇ ਸੋਮਵਾਰ ਨੂੰ ਮਾਰਕਫੈੱਡ ਦਾ ਕੈਲੰਡਰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਮਾਰਕਫੈੱਡ ਵੱਲੋਂ ਪਹਿਲਾਂ ਤੋਂ ਬਣਾਏ ਜਾ ਰਹੇ ਜਾਂ ਨਵੇਂ ਲਿਆਂਦੇ ਜਾ ਰਹੇ ਉਤਪਾਦਾਂ ਦੀ ਮਕਬੂਲੀਅਤ ਲਈ ਹੋਰ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਲੱਖਾਂ ਲੋਕਾਂ ਦਾ ਭਰੋਸਾ ਜਿੱਤਣ ਵਾਲੇ ਉਤਪਾਦਾਂ ਨਾਲ ਘਰ-ਘਰ ਵਿੱਚ ਜਾਣੇ-ਪਛਾਣੇ ਬਰਾਂਡ ‘ਸੋਹਣਾ’ ਦੇ ਹੋਰ ਜ਼ਿਆਦਾ ਵਿਕਾਸ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੋਹਰੀ ਸਹਿਕਾਰੀ ਅਦਾਰਿਆਂ ਨੇ ਘਰੇਲੂ ਬਾਜ਼ਾਰ ਵਿੱਚ ਜ਼ਿਕਰਯੋਗ ਹਾਜ਼ਰੀ ਦਰਜ ਕਰਵਾਈ ਹੈ, ਜਦੋਂ ਕਿ ‘ਸੋਹਣਾ’ ਦੇ ਉਤਪਾਦਾਂ ਨੇ ਪੇਂਡੂ ਤੇ ਖੇਤਰੀ ਬਾਜ਼ਾਰ ਉਤੇ ਪੂਰੀ ਤਰ੍ਹਾਂ ਕਾਬਜ਼ ਹੋਣ ਤੋਂ ਬਾਅਦ ਘਰੇਲੂ ਤੇ ਵਿਦੇਸ਼ੀ ਮੰਡੀ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ ਅਤੇ ਇਸ ਦੇ ਉਤਪਾਦਾਂ ਦੀ ਵਿਕਰੀ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਲਗਾਤਾਰ ਵਧ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਘਿਉ, ਰਿਫਾਇੰਡ ਤੇਲ, ਚਟਣੀਆਂ, ਬਾਸਮਤੀ ਚੌਲਾਂ ਅਤੇ ਹੋਰ ਉਤਪਾਦਾਂ ਨਾਲ ਮਾਰਕਫੈੱਡ ਨੇ ਬਾਜ਼ਾਰ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮੋਹਰੀ ਮਾਲਾਂ, ਸਟੋਰਾਂ, ਆਊਟਲੈੱਟਾਂ ਤੇ ਮੈਗਾ ਮਾਰਕੀਟਾਂ ਵਿੱਚ ਆਪਣੇ ਪ੍ਰਮੁੱਖ ਉਤਪਾਦਾਂ ਦੀ ਵਿਕਰੀ ਵਧਾਉਣ ਤੋਂ ਇਲਾਵਾ ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਾਰਜਕੁਸ਼ਲ ਮਾਰਕੀਟਿੰਗ ਨੈੱਟਵਰਕ ਵਿਕਸਤ ਕਰਨ ਦੀ ਲੋੜ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਰੀ ਵਿੱਚ ਵੱਡੇ ਪੱਧਰ ਉਤੇ ਵਾਧਾ ਕਰਨ ਲਈ ਢੁਕਵੀਂ ਇਸ਼ਤਿਹਾਰ-ਕਮ-ਮਾਰਕੀਟਿੰਗ ਮੁਹਿੰਮ ਰਾਹੀਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਸਮਾਂਬੱਧ ਐਕਸ਼ਨ ਪਲਾਨ ਤਿਆਰ ਕਰਨ ਲਈ ਆਖਿਆ। ਭਗਵੰਤ ਮਾਨ ਨੇ ਕਿਹਾ ਕਿ ਮਾਰਕਫੈੱਡ ਦੀ ਮਾਰਕੀਟਿੰਗ ਟੀਮ ਨੂੰ ਇਸ ਸਹਿਕਾਰੀ ਅਦਾਰੇ ਦੇ ਮਿਆਰੀ ਤੇ ਲੰਮੇ ਸਮੇਂ ਤੋਂ ਪਰਖੇ ਗਏ ਉਤਪਾਦਾਂ ਦੀ ਵਿਕਰੀ ਨੂੰ ਸਿਖ਼ਰ ਉਤੇ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕਰਦਿਆਂ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਆਖਿਆ।

- Advertisement -

Share this Article
Leave a comment