ਨਗਰ ਨਿਗਮ ਚੋਣਾਂ : ਕਾਂਗਰਸੀਆਂ ਤੇ ਅਕਾਲੀਆਂ ‘ਚ ਖੂਨੀ ਝੜਪ, 2 ਅਕਾਲੀ ਵਰਕਰਾਂ ਦੀ ਮੌਤ

TeamGlobalPunjab
2 Min Read

ਮੋਗਾ : ਬੀਤੀ ਰਾਤ ਇੱਥੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਆਪਸ ਵਿਚ ਭਿੜ ਗਏ। ਜਿਸ ਦੌਰਾਨ ਦੋ ਅਕਾਲੀ ਦਲ ਦੇ ਵਰਕਰਾਂ ਦੀ ਮੌਤ ਹੋ ਗਈ। ਮੋਗਾ ਦੇ ਕੱਚਾ ਦੁਸਾਂਝ ਰੋਡ ‘ਤੇ ਮੰਗਲਵਾਰ ਰਾਤ ਤਕਰੀਬਨ 9:30 ਵੱਜੇ ਦੇ ਕਰੀਬ ਵਾਰਡ ਨੰਬਰ 9 ਤੋਂ ਕਾਂਗਰਸ ਦੀ ਉਮੀਦਵਾਰ ਹਰਵਿੰਦਰ ਕੌਰ ਦੇ ਪਤੀ ਨਰਿੰਦਰਪਾਲ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਭੋਲਾ ਸਿੰਘ ਅਤੇ ਬੱਬੂ ਗਿੱਲ ਵਿਚਾਲੇ ਹਿੰਸਕ ਝੜਪ ਹੋ ਗਈ। ਅਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਗਏ ਕਿ ਕਾਂਗਰਸੀਆਂ ਵੱਲੋਂ ਵੋਟਰਾਂ ਨੂੰ ਸ਼ਰਾਬ ਵੰਡੀ ਜਾ ਰਹੀ ਹੈ। ਜਿਸ ਤੋਂ ਬਾਅਦ ਇਸ ਝੜਪ ਨੇ ਖੂਨੀ ਰੂਪ ਧਾਰ ਲਿਆ ।

ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਦੇ ਲੀਡਰ ਨੇ ਉਨ੍ਹਾਂ ਦੇ ਵਰਕਰਾਂ ‘ਤੇ ਗੱਡੀ ਚਾੜ੍ਹ ਦਿੱਤੀ। ਜਿਸ ਦੌਰਾਨ ਬੱਬੂ ਗਿੱਲ ਅਤੇ ਭੋਲਾ ਸਿੰਘ ਗੰਭੀਰ ਰੂਪ ਜ਼ਖ਼ਮੀ ਹੋ ਗਏ। ਜ਼ਖ਼ਮੀ ਅਕਾਲੀ ਵਰਕਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਪਰ ਡਾਕਟਰਾਂ ਨੇ ਬੱਬੂ ਗਿੱਲ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਭੋਲਾ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ ਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਭੋਲਾ ਸਿੰਘ ਦੀ ਡੀਐਮਸੀ ਲੁਧਿਆਣਾ ਵਿੱਚ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚੇ। ਜਿਸ ਦੌਰਾਨ ਉਨ੍ਹਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਿਹੜਾ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ।

Share this Article
Leave a comment