Home / ਪੰਜਾਬ / ਸਿਵਲ ਸਰਜਨ ਜ਼ਿਲ੍ਹਾ ਪੱਧਰ ‘ਤੇ ਹਫ਼ਤਾਵਾਰੀ ਟੀਚੇ ਅਨੁਸਾਰ ਟੀਕਾਕਰਨ ਅਤੇ ਸੈਂਪਲਿੰਗ ਯਕੀਨੀ ਬਣਾਉਣਗੇ: ਬਲਬੀਰ ਸਿੱਧੂ

ਸਿਵਲ ਸਰਜਨ ਜ਼ਿਲ੍ਹਾ ਪੱਧਰ ‘ਤੇ ਹਫ਼ਤਾਵਾਰੀ ਟੀਚੇ ਅਨੁਸਾਰ ਟੀਕਾਕਰਨ ਅਤੇ ਸੈਂਪਲਿੰਗ ਯਕੀਨੀ ਬਣਾਉਣਗੇ: ਬਲਬੀਰ ਸਿੱਧੂ

ਚੰਡੀਗੜ੍ਹ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਮੂਹ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਪੱਧਰ ‘ਤੇ ਹਫ਼ਤਾਵਾਰੀ ਟੀਚੇ ਅਨੁਸਾਰ ਟੀਕਾਕਰਨ ਅਤੇ ਸੈਂਪਲਿੰਗ / ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

ਸਿੱਧੂ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਟੀਕਾਕਰਨ ਕੇਂਦਰਾਂ ਤੋਂ ਇਲਾਵਾ ਪਹਿਲਾਂ ਤੋਂ ਨਿਰਧਾਰਤ ਸਥਾਨਾਂ ‘ਤੇ ਮੋਬਾਈਲ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ ਜਿਨ੍ਹਾਂ ਲਈ ਯੋਗ ਲਾਭਪਾਤਰੀਆਂ ਦੇ ਅੰਕੜੇ ਉਦਯੋਗਾਂ, ਰਿਹਾਇਸ਼ੀ ਸੁਸਾਇਟੀਆਂ ਜਾਂ ਸਬੰਧਤ ਸੰਗਠਨਾਂ ਦੇ ਪ੍ਰਬੰਧਕਾਂ ਵੱਲੋਂ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਵਾਲੇ ਕੁੱਲ 6,51,363 ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ ਲਗਭਗ 6,536 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। +

ਸਿਹਤ ਸੰਭਾਲ ਕਰਮਚਾਰੀਆਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐਫਡਬਲਯੂਜ਼) ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲਗਭਗ 4,12,160 ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 1,15,290 ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉੱਚ ਜੋਖਮ ਵਾਲੀ ਆਬਾਦੀ ਵਾਲੇ ਖੇਤਰਾਂ ਵਿਚ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਲਈ, ਪੰਜਾਬ ਸਰਕਾਰ ਨੇ ਜ਼ਿਆਦਾ ਪਾਜ਼ੇਟਿਵ ਕੇਸਾਂ ਅਤੇ ਘੱਟ ਟੈਸਟਿੰਗ ਵਾਲੇ ਖੇਤਰਾਂ ਵਿੱਚ ਜ਼ਿਲ੍ਹਾ ਪੱਧਰ ‘ਤੇ ਟੀਕਾਕਰਨ ਅਤੇ ਟੈਸਟਿੰਗ ਦਾ ਟੀਚਾ ਮਿੱਥਿਆ ਹੈ।

ਨਮੂਨੇ ਲੈਣ ਅਤੇ ਟੈਸਟ ਦੇ ਨਤੀਜਿਆਂ ਵਿਚ ਸਮਾਂ ਘਟਾਉਣ ਦੀ ਜ਼ਰੂਰਤ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਮੇਂ ਦੇ ਵੱਧ ਅੰਤਰਾਲ ਨਾਲ ਲਾਗ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਸਾਰੇ ਜ਼ਿਲ੍ਹਿਆਂ ਵੱਲੋਂ ਨਿਰਧਾਰਤ ਲੈਬਾਂ ਵਿਚ ਰੋਜ਼ਾਨਾ ਘੱਟੋ ਘੱਟ 3 ਵਾਰ ਨਮੂਨੇ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਲੈਬਾਂ ਦੀ ਸਥਿਤੀ ਅਤੇ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਅਤੇ ਕੋਵਿਡ ਟੈਸਟਿੰਗ ਨੂੰ ਵਧਾਏ ਜਾਣ ਦੀ ਸਖ਼ਤ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਖੇ ਦੋ ਸ਼ਿਫਟਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਈਆਂ ਜਾ ਰਹੀਆਂ ਹਨ ਅਤੇ ਹਰੇਕ ਸ਼ਿਫਟ ਲਈ ਵੱਖਰਾ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 5 ਅਪ੍ਰੈਲ ਤੋਂ ਕੁੱਲ 2342 ਟੀਕਾਕਰਨ ਕੇਂਦਰ ਕਾਰਜਸ਼ੀਲ ਹਨ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੁਲਿਸ ਲਾਈਨਜ਼ ਅਤੇ ਜੇਲ੍ਹ ਵਿਭਾਗ ਵੱਲੋਂ ਟੀਕਾਕਰਨ ਲਈ ਆਪਣੇ ਸਿਹਤ ਕੇਂਦਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਥੇ ਜ਼ਿਲ੍ਹਾ ਹਸਪਤਾਲਾਂ ਵੱਲੋਂ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਿਵਲ ਸਰਜਨਾਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਜਿਵੇਂ ਝੁੱਗੀਆਂ ਅਤੇ ਜੇਲ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ ਤਾਂ ਜੋ ਅਜਿਹੀਆਂ ਆਬਾਦੀਆਂ ਵਿਚ ਲਾਗ ਦੇ ਵੱਡੇ ਖ਼ਤਰੇ ਨੂੰ ਰੋਕਿਆ ਜਾ ਸਕੇ।

ਸੂਬੇ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ 27 ਫਰਵਰੀ ਤੋਂ 5 ਮਾਰਚ ਤਕ 2.9 ਫ਼ੀਸਦੀ ਪਾਜ਼ੇਟਿਵ ਦਰ ਦਰਜ ਕੀਤੀ ਗਈ ਜੋ 27 ਮਾਰਚ ਤੋਂ 2 ਅਪ੍ਰੈਲ ਤੱਕ ਤੇਜ਼ੀ ਨਾਲ ਵਧ ਕੇ 7.9 ਫ਼ੀਸਦੀ ਹੋ ਗਈ। ਉਨ੍ਹਾਂ ਕਿਹਾ ਕਿ ਕੇਸਾਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਮੌਤਾਂ ਦੀ ਵੱਡੀ ਗਿਣਤੀ ਦਰਜ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਨੂੰ ਕੋਰੋਨਾਵਾਇਰਸ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਬਿਨਾਂ ਕਿਸੇ ਦੇਰੀ ਤੋਂ ਆਪਣਾ ਟੈਸਟ ਕਰਵਾਉਣ ਤਾਂ ਜੋ ਪਾਜ਼ੇਟਿਵ ਪਾਏ ਜਾਣ ‘ਤੇ ਉਹਨਾਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਸਕੇ ਜਾਂ ਕੋਵਿਡ ਕੇਅਰ ਹਸਪਤਾਲ ਵਿਖੇ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

Check Also

ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ ‘ਚੋਂ 60.75 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ …

Leave a Reply

Your email address will not be published. Required fields are marked *