ਵਾਸ਼ਿੰਗਟਨ: ਨਿਊਜਰਸੀ ਸਮੇਤ ਅਮਰੀਕਾ ਦੇ 22 ਤੋਂ ਵੱਧ ਰਾਜਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਕਾਰਜਕਾਰੀ ਹੁਕਮ ਨੂੰ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਇਸ ਕਾਰਜਕਾਰੀ ਹੁਕਮ ਦੇ ਤਹਿਤ ਅਮਰੀਕਾ ‘ਚ ਜਨਮ ਦੇ ਆਧਾਰ ‘ਤੇ ਨਾਗਰਿਕਤਾ ਦੀ ਸੰਵਿਧਾਨਕ ਗਾਰੰਟੀ ਨੂੰ ਖਤਮ ਕਰ ਦਿੱਤਾ ਜਾਵੇਗਾ। ਨਿਊ ਜਰਸੀ ਦੇ ਡੈਮੋਕਰੇਟਿਕ ਅਟਾਰਨੀ ਜਨਰਲ ਮੈਟ ਪਲੈਟਕਿਨ ਨੇ ਕਿਹਾ ਕਿ ਉਹ ਟਰੰਪ ਦੇ ਆਦੇਸ਼ ਨੂੰ ਰੋਕਣ ਲਈ ਮੁਕੱਦਮਾ ਦਾਇਰ ਕਰਨ ਲਈ 22 ਰਾਜਾਂ, ਡਿਸਟ੍ਰਿਕਟ ਆਫ ਕੋਲੰਬੀਆ ਅਤੇ ਸੈਨ ਫਰਾਂਸਿਸਕੋ ਸ਼ਹਿਰ ਦੀ ਅਗਵਾਈ ਕਰ ਰਹੇ ਹਨ।
ਪਲੈਟਕਿਨ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਵਿਆਪਕ ਸ਼ਕਤੀ ਹੈ, ਪਰ ਉਹ ਰਾਜਾ ਨਹੀਂ ਹੈ। ਟਰੰਪ ਦੇ ਹੁਕਮ ਨਾਲ ਅਮਰੀਕਾ ‘ਚ ਪੈਦਾ ਹੋਏ ਲੋਕਾਂ ਨੂੰ ਆਪਣੇ ਆਪ ਨਾਗਰਿਕਤਾ ਦੇਣ ਦੀ ਨੀਤੀ ਖਤਮ ਹੋ ਜਾਵੇਗੀ। ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਕਿਹਾ ਸੀ ਕਿ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਅਜਿਹਾ ਕਰਨਗੇ। ਪਲੈਟਕਿਨ ਅਤੇ ਪ੍ਰਵਾਸੀ ਅਧਿਕਾਰਾਂ ਦੇ ਵਕੀਲਾਂ ਨੇ ਸੰਵਿਧਾਨ ਦੀ 14ਵੀਂ ਸੋਧ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਵਿੱਚ ਪੈਦਾ ਹੋਏ ਅਤੇ ਇਸ ਦੇ ਅਧਿਕਾਰ ਖੇਤਰ ਵਿੱਚ ਰਹਿ ਰਹੇ ਲੋਕ ਦੇਸ਼ ਦੇ ਨਾਗਰਿਕ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਹ ਕਾਨੂੰਨ ਗਲਤ ਹੈ ਅਤੇ ਇਸ ਨਾਲ ਅਮਰੀਕਾ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਇਸ ਕਾਰਨ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਲੋਕਾਂ ਦੇ ਬੱਚਿਆਂ ਨੂੰ ਵੀ ਅਮਰੀਕੀ ਨਾਗਰਿਕ ਬਣਨ ਦਾ ਮੌਕਾ ਮਿਲ ਰਿਹਾ ਹੈ ਅਤੇ ਉਹ ਇੱਥੋਂ ਦੇ ਸਾਧਨਾਂ ਦਾ ਫਾਇਦਾ ਉਠਾ ਰਹੇ ਹਨ। ਡੋਨਾਲਡ ਟਰੰਪ ਨੂੰ ਇਸ ‘ਤੇ ਇਤਰਾਜ਼ ਹੈ। ਇੱਕ ਇੰਟਰਵਿਊ ਵਿੱਚ ਡੋਨਾਲਡ ਟਰੰਪ ਨੇ ਕਿਹਾ ਸੀ, “ਅਸੀਂ ਇਸ ਕਾਨੂੰਨ ਨੂੰ ਬਦਲਣ ਜਾ ਰਹੇ ਹਾਂ। ਸਾਨੂੰ ਲੋਕਾਂ ਵਿੱਚ ਜਾਣਾ ਪਵੇਗਾ। ਪਰ ਅਸੀਂ ਕਾਨੂੰਨ ਬਦਲਾਂਗੇ।”
ਇਸ ਦੇ ਨਾਲ ਹੀ ਡੋਨਾਲਡ ਟਰੰਪ ਦੇ ਇਸ ਕਾਰਜਕਾਰੀ ਆਦੇਸ਼ ਦਾ ਨਾਗਰਿਕਤਾ ਸੰਬੰਧੀ ਫੈਸਲੇ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਭਾਰਤੀਆਂ ‘ਤੇ ਪਵੇਗਾ। ਰਿਪੋਰਟ ਮੁਤਾਬਿਕ ਅਮਰੀਕਾ ‘ਚ ਭਾਰਤੀ ਮੂਲ ਦੇ 48 ਲੱਖ ਲੋਕ ਵਸੇ ਹੋਏ ਹਨ, ਜਿਨ੍ਹਾਂ ‘ਚੋਂ 16 ਲੱਖ ਨੂੰ ਜਨਮ ਦੇ ਆਧਾਰ ‘ਤੇ ਨਾਗਰਿਕਤਾ ਮਿਲੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।