ਬੀਜਿੰਗ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਆਪਣੇ ਦੋ ਦਿਨਾਂ ਦੌਰੇ ‘ਤੇ ਚੀਨ ਪਹੁੰਚੇ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਹ ਯਾਤਰਾ ਅਸਲ ਵਿੱਚ ਮਾਰਚ ਵਿੱਚ ਤੈਅ ਕੀਤੀ ਗਈ ਸੀ, ਪਰ ਈਰਾਨ ਯੁੱਧ ਦੇ ਕਾਰਨ ਇਸ ਵਿੱਚ ਦੇਰੀ ਹੋ ਗਈ। ਜ਼ਿਕਰਯੋਗ ਹੈ ਕਿ ਟ੍ਰੰਪ ਆਖਰੀ ਵਾਰ 2017 ਵਿੱਚ ਰਾਸ਼ਟਰਪਤੀ ਵਜੋਂ ਚੀਨ ਆਏ ਸਨ।
ਦੋਵਾਂ ਨੇਤਾਵਾਂ ਦੀ ਇਸ ਮੁਲਾਕਾਤ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਦੀ ਨਜ਼ਰ ਇਸ ‘ਤੇ ਟਿਕੀ ਹੋਈ ਹੈ। ਬੀਜਿੰਗ ਦੇ ‘ਗ੍ਰੇਟ ਹਾਲ ਆਫ ਦ ਪੀਪਲ’ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟ੍ਰੰਪ ਦੇ ਰਸਮੀ ਸਵਾਗਤ ਦੌਰਾਨ ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਇਸ ਤੋਂ ਬਾਅਦ ਟ੍ਰੰਪ ਨੇ ਸ਼ੀ ਜਿਨਪਿੰਗ ਦੇ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਟ੍ਰੰਪ ਨੇ ਵੀ ਆਪਣੇ ਪ੍ਰਤੀਨਿਧੀ ਮੰਡਲ ਅਤੇ ਕੈਬਨਿਟ ਮੈਂਬਰਾਂ ਦੀ ਜਾਣ-ਪਛਾਣ ਚੀਨੀ ਰਾਸ਼ਟਰਪਤੀ ਨਾਲ ਕਰਵਾਈ। ਇਨ੍ਹਾਂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਯੁੱਧ ਮੰਤਰੀ (ਰੱਖਿਆ ਮੰਤਰੀ) ਪੀਟ ਹੇਗਸੇਥ ਸ਼ਾਮਲ ਸਨ। ਇਸ ਦੌਰਾਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੀ ਆਨਰ ਗਾਰਡ ਬਟਾਲੀਅਨ ਨੇ ਰਾਸ਼ਟਰਪਤੀ ਟ੍ਰੰਪ ਨੂੰ ਰਸਮੀ ‘ਗਾਰਡ ਆਫ਼ ਆਨਰ’ ਵੀ ਦਿੱਤਾ।
ਰਸਮੀ ਸਵਾਗਤ ਸਮਾਰੋਹ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਦੁਵੱਲੀ ਵਾਰਤਾ ਸ਼ੁਰੂ ਹੋਈ। ਗੱਲਬਾਤ ਦੌਰਾਨ ਟ੍ਰੰਪ ਨੇ ਚੀਨੀ ਰਾਸ਼ਟਰਪਤੀ ਦੀ ਜੰਮ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਇੱਕ ਮਹਾਨ ਨੇਤਾ ਦੱਸਿਆ। ਉੱਥੇ ਹੀ, ਸ਼ੀ ਜਿਨਪਿੰਗ ਨੇ ਵੀ ਕਿਹਾ ਕਿ ਉਹ ਇਸ ਗੱਲ ਤੋਂ ਖ਼ੁਸ਼ ਹਨ ਕਿ ਟ੍ਰੰਪ 9 ਸਾਲਾਂ ਬਾਅਦ ਚੀਨ ਆਏ ਹਨ।
ਟ੍ਰੰਪ ਨੇ ਕਿਹਾ ਕਿ ਉਨ੍ਹਾਂ ਦੀ ਅਤੇ ਸ਼ੀ ਜਿਨਪਿੰਗ ਦੀ ਲੰਬੇ ਸਮੇਂ ਤੋਂ ਚੰਗੀ ਦੋਸਤੀ ਰਹੀ ਹੈ ਅਤੇ ਦੋਵਾਂ ਨੇਤਾਵਾਂ ਨੇ ਹਮੇਸ਼ਾ ਗੱਲਬਾਤ ਰਾਹੀਂ ਮੁਸ਼ਕਲ ਹਾਲਾਤਾਂ ਨੂੰ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਦੋਵੇਂ ਇੱਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ। ਸ਼ਾਇਦ ਸਾਡੇ ਦੋਵਾਂ ਦੇਸ਼ਾਂ ਵਾਂਗ ਕਿਸੇ ਵੀ ਰਾਸ਼ਟਰਪਤੀ ਵਿਚਕਾਰ ਇੰਨਾ ਲੰਬਾ ਰਿਸ਼ਤਾ ਨਹੀਂ ਰਿਹਾ ਹੋਵੇਗਾ। ਸਾਡਾ ਰਿਸ਼ਤਾ ਸ਼ਾਨਦਾਰ ਰਿਹਾ ਹੈ। ਜਦੋਂ ਵੀ ਕੋਈ ਮੁਸ਼ਕਲ ਆਈ, ਅਸੀਂ ਉਸ ਨੂੰ ਮਿਲ ਕੇ ਸੁਲਝਾਇਆ। ਮੈਂ ਤੁਹਾਨੂੰ ਫ਼ੋਨ ਕਰਦਾ ਸੀ, ਤੁਸੀਂ ਮੈਨੂੰ ਫ਼ੋਨ ਕਰਦੇ ਸੀ ਅਤੇ ਜਦੋਂ ਵੀ ਕੋਈ ਸਮੱਸਿਆ ਹੋਈ, ਅਸੀਂ ਉਸ ਨੂੰ ਬਹੁਤ ਜਲਦੀ ਹੱਲ ਕਰ ਲਿਆ। ਚੀਨ ਲਈ ਤੁਸੀਂ ਜੋ ਕੰਮ ਕੀਤਾ ਹੈ, ਉਸ ਲਈ ਤੁਹਾਡੇ ਪ੍ਰਤੀ ਬਹੁਤ ਸਤਿਕਾਰ ਹੈ। ਤੁਸੀਂ ਇੱਕ ਮਹਾਨ ਨੇਤਾ ਹੋ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

