ਵਰਲਡ ਡੈਸਕ :- ਚੀਨ ਦਾ ਭਾਰਤ ਸਬੰਧੀ ਇੱਕ ਵਾਰ ਫਿਰ ਦੋਹਰਾ ਰਵਈਆ ਦੇਖਣ ਨੂੰ ਮਿਲਿਆ ਹੈ। ਚੀਨ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ‘ਚ ਮਦਦ ਦੀ ਪੇਸ਼ਕਸ਼ ਕਰ ਰਿਹਾ ਹੈ, ਪਰ ਦੂਜੇ ਪਾਸੇ ਇਸ ਨੇ ਮੈਡੀਕਲ ਸਪਲਾਈ ਦੇ ਰਸਤੇ ‘ਚ ਅੜਿੱਕਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਚੀਨ ਦੀ ਸਰਕਾਰੀ ਹਵਾਈ ਕੰਪਨੀ ਸਿਚੁਆਨ ਏਅਰਲਾਈਂਸ ਨੇ ਅਗਲੇ 15 ਦਿਨਾਂ ਤੱਕ ਭਾਰਤ ਲਈ ਆਪਣੇ ਮਾਲਵਾਹਕ ਜਹਾਜ਼ਾਂ ਦੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਨਾਲ ਨਿੱਜੀ ਕਾਰੋਬਾਰੀਆਂ ਵੱਲੋਂ ਚੀਨ ਤੋਂ ਆਕਸੀਜਨ ਕੰਸਟ੍ਰੇਟਰ ਤੇ ਹੋਰ ਮੈਡੀਕਲ ਸਾਮਾਨ ਭੇਜਣ ਦੇ ਨਿੱਜੀ ਕਾਰੋਬਾਰੀਆਂ ਦੀ ਕੋਸ਼ਿਸ਼ ‘ਚ ਰੁਕਾਵਟ ਪੈਦਾ ਹੋਵੇਗੀ।
ਦੱਸ ਦਈਏ ਸੋਮਵਾਰ ਨੂੰ ਵਿਕਰੀ ਏਜੰਟਾਂ ਨੂੰ ਲਿਖੇ ਇਕ ਪੱਤਰ ‘ਚ ਸਿਚੁਆਨ ਚੁਆਨਹਾਂਗ ਲਾਜਿਸਟਿਕਸ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਹੈ ਕਿ ਚੀਨ ਤੋਂ ਆਕਸੀਜਨ ਕੰਸਟ੍ਰੇਟਰ ਦੇ ਕਾਰੋਬਾਰ ਦੀਆਂ ਕੋਸ਼ਿਸ਼ਾਂ ਵਿਚਾਲੇ ਅਸੀਂ ਛੇ ਰੂਟਾਂ ‘ਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਨ੍ਹਾਂ ‘ਚ ਸ਼ਿਆਨ-ਦਿੱਲੀ ਰੂਟ ਵੀ ਸ਼ਾਮਲ ਹੈ।
ਇਸਤੋਂ ਇਲਾਵਾ ਪੱਤਰ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ 15 ਦਿਨਾਂ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਸਾਨੂੰ ਉਮੀਦ ਹੈ ਕਿ ਵਿਕਰੀ ਏਜੰਟ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ।