ਨਿਊਜ਼ ਡੈਸਕ: ਗਲਵਾਨ ਘਾਟੀ ‘ਚ ਭਾਰਤੀ ਫੌਜ ਨਾਲ ਝੜਪ ਵਿੱਚ ਕਈ ਚੀਨੀ ਫ਼ੌਜੀ ਮਾਰੇ ਗਏ ਸਨ, ਹੁਣ ਇਸ ਘਟਨਾ ਨੂੰ ਦੇਸ਼ ਭਗਤੀ ਦੇ ਪਾਠ ਵਜੋਂ ਚੀਨ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਚੀਨੀ ਸੂਬੇ ਆਨੁਹੁਈ ਦੇ ਪ੍ਰਾਈਮਰੀ ਵਿਦਿਆਰਥੀਆਂ ਨੂੰ ਸ਼ਿਨਜਿਯਾਂਗ ਮਿਲਟਰੀ ਖੇਤਰ ਦੀ ਸਰਹੱਦ ‘ਤੇ ਤਾਇਨਾਤ ਬਟਾਲੀਅਨ ਨਾਲ ਵੀਡੀਓ ਰਾਹੀਂ ਰੂ-ਬ-ਰੂ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਚੀਨੀ ਫ਼ੌਜ ਦੀ ਬਹਾਦਰੀ ਦੇ ਕਿੱਸੇ ਸੁਣਾਏ ਗਏ ਉੱਥੇ ਹੀ ਭਾਰਤੀ ਫ਼ੌਜ ਬਾਰੇ ਕਈ ਮਨਘੜਤ ਦਾਅਵੇ ਕੀਤੇ ਗਏ।
ਇਸ ਵੀਡੀਓ ਕਲਾਸ ਬਾਰੇ ਇੱਕ ਆਰਟੀਕਲ ਚੀਨ ਨੇ ਅਧਿਕਾਰਤ ਮਿਲਟਰੀ ਪੋਰਟਲ ‘ਤੇ ਪ੍ਰਕਾਸ਼ਿਤ ਕੀਤਾ ਹੋਇਆ ਹੈ। ਇਸ ਵਿੱਚ ਲਿਖਿਆ ਹੈ ਕਿ ਦੇਸ਼ ਅਤੇ ਉਸ ਦੀ ਸਰਹੱਦ ਦੀ ਰੱਖਿਆ ਦਾ ਬਹਾਦਰੀ ਭਰਿਆ ਕੰਮ ਕਿੰਝ ਹੁੰਦਾ ਹੈ, ਇਹ ਵਿਦਿਆਰਥੀਆਂ ਨੂੰ ਦਿਖਾਇਆ ਗਿਆ। ਆਰਟੀਕਲ ‘ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਦੀ ਸ਼ਹੀਦੀ ਨਾਲ ਵਿਦਿਆਰਥੀ ਕਾਫੀ ਪ੍ਰਭਾਵਿਤ ਹੋਏ।
ਉੱਥੇ ਹੀ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਕਲਾਸ ਰਾਹੀ ਘੱਟ ਉਮਰ ਵਿੱਚ ਹੀ ਵਿਦਿਆਰਥੀ ਫ਼ੌਜੀਆਂ ਦੀ ਵੀਰਤਾ ਤੋਂ ਪ੍ਰੇਰਿਤ ਹੋਣਗੇ ਤੇ ਇਸ ਦੇ ਨਾਲ ਹੀ ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ।
ਦੱਸ ਦਈਏ ਪਿਛਲੇ ਸਾਲ 15 ਜੂਨ ਨੂੰ ਲਗਭਗ ਪੰਜ ਦਹਾਕਿਆਂ ਵਿਚ ਸਰਹੱਦੀ ਖੇਤਰ ਵਿਚ ਹੋਈ ਖਤਰਨਾਕ ਝੜਪ ਵਿਚ ਗਾਲਵਾਨ ਘਾਟੀ ਵਿਚ 20 ਭਾਰਤੀ ਫੌਜੀ ਮਾਰੇ ਗਏ ਸਨ, ਜਦੋਂ ਕਿ ਚੀਨ ਦੇ 40 ਤੋਂ ਵੱਧ ਫੌਜੀ ਮਾਰੇ ਗਏ ਸਨ।