ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਚੀਨ ਈਰਾਨੀ ਤੇਲ ਖਰੀਦਣਾ ਰੱਖ ਸਕਦਾ ਹੈ ਜਾਰੀ: ਟਰੰਪ

Global Team
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੇ ਈਰਾਨ ‘ਤੇ ਲਗਾਇਆ ਗਿਆ ਦਬਾਅ ਘੱਟ ਨਹੀਂ ਕੀਤਾ ਹੈ। ਜਿਸ ਵਿੱਚ ਤੇਲ ਵੇਚਣ ‘ਤੇ ਪਾਬੰਦੀ ਵੀ ਸ਼ਾਮਿਲ ਹੈ। ਪਰ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਅਮਰੀਕਾ ਈਰਾਨ ‘ਤੇ ਕੁਝ ਤੇਲ ਪਾਬੰਦੀਆਂ ਨੂੰ ਢਿੱਲ ਦੇ ਸਕਦਾ ਹੈ ਤਾਂ ਜੋ ਦੇਸ਼ ਨੂੰ ਮੁੜ ਨਿਰਮਾਣ ਦੀ ਆਗਿਆ ਦਿੱਤੀ ਜਾ ਸਕੇ।

ਡੋਨਾਲਡ ਟਰੰਪ ਨੇ ਨਾਟੋ ਸੰਮੇਲਨ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਈਰਾਨ ‘ਤੇ ਤੇਲ ਪਾਬੰਦੀਆਂ ਨੂੰ ਢਿੱਲ ਦੇ ਰਹੇ ਹਨ। ਜਵਾਬ ਵਿੱਚ, ਟਰੰਪ ਨੇ ਕਿਹਾ,  ਈਰਾਨ ਨੂੰ ਮੁੜ ਲੀਹ ਤੇ ਆਉਣ ਲਈ ਪੈਸਿਆਂ ਦੀ ਲੋੜ ਹੋਵੇਗੀ, ਅਤੇ ਅਸੀਂ ਅਜਿਹਾ ਹੁੰਦਾ ਦੇਖਣਾ ਚਾਹੁੰਦੇ ਹਾਂ।’ ਇੱਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ‘ਤੇ ਸਹਿਮਤੀ ਬਣਨ ਤੋਂ ਬਾਅਦ ਚੀਨ ਈਰਾਨੀ ਤੇਲ ਖਰੀਦਣਾ ਜਾਰੀ ਰੱਖ ਸਕਦਾ ਹੈ।

ਹਾਲਾਂਕਿ, ਵ੍ਹਾਈਟ ਹਾਊਸ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਅਮਰੀਕੀ ਪਾਬੰਦੀਆਂ ਵਿੱਚ ਕਿਸੇ ਵੀ ਢਿੱਲ ਦਾ ਸੰਕੇਤ ਨਹੀਂ ਦਿੰਦੀਆਂ ਹਨ। ਟਰੰਪ ਨੇ ਚੀਨ ਦੀਆਂ ਕੁਝ ਛੋਟੀਆਂ ਤੇਲ ਰਿਫਾਇਨਰੀਆਂ ਅਤੇ ਬੰਦਰਗਾਹ ਕੰਪਨੀਆਂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ ਕਿਉਂਕਿ ਉਹ ਈਰਾਨ ਤੋਂ ਤੇਲ ਖਰੀਦ ਰਹੀਆਂ ਸਨ।

ਟਰੰਪ ਦੇ ਮੱਧ ਪੂਰਬ ਸਲਾਹਕਾਰ ਸਟੀਵ ਵਿਟਕੌਫ ਨੇ ਕਿਹਾ ਕਿ ਰਾਸ਼ਟਰਪਤੀ ਦਾ ਬਿਆਨ ਚੀਨ ਲਈ ਇੱਕ ਸੰਕੇਤ ਹੈ ਕਿ “ਅਸੀਂ ਚੀਨ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੇ ਹਾਂ ਅਤੇ ਇਸਦੀ ਆਰਥਿਕਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ।” ਚੀਨ ਈਰਾਨ ਤੋਂ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਲੰਬੇ ਸਮੇਂ ਤੋਂ ਟਰੰਪ ਦੀਆਂ ਪਾਬੰਦੀਆਂ ਦਾ ਵਿਰੋਧ ਕਰਦਾ ਆ ਰਿਹਾ ਹੈ। ਵਿਟਕੌਫ ਨੇ ਕਿਹਾ ਅਸੀਂ ਚੀਨ ਅਤੇ ਈਰਾਨ ਦੋਵਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਅਤੇ ਸਾਡੀਆਂ ਗੱਲਬਾਤਾਂ ਤੋਂ ਈਰਾਨ ਨੂੰ ਵੀ ਇੱਕ ਚੰਗਾ ਸੰਕੇਤ ਮਿਲਣਾ ਚਾਹੀਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment