ਲੁਧਿਆਣਾ ਦੀ ਨੁਹਾਰ ਬਦਲਣ ਵਾਲੇ 11494 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਕਾਰਜ ਅਧੀਨ : ਮੁੱਖ ਸਕੱਤਰ ਵਿਨੀ ਮਹਾਜਨ

TeamGlobalPunjab
5 Min Read

ਚੰਡੀਗੜ੍ਹ/ਲੁਧਿਆਣਾ : ਪੰਜਾਬ ਸਰਕਾਰ ਵਲੋਂ ਸੂਬੇ ਦੇ ਉਦਯੋਗਿਕ ਕੇਂਦਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਨੂੰ ਸਮਾਰਟ ਅਤੇ ਅਤਿ-ਆਧੁਨਿਕ ਸ਼ਹਿਰ ਵਿੱਚ ਬਦਲਣ ਦੇ ਉਦੇਸ਼ ਨਾਲ 11493.89 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟ ਚਲਾਏ ਜਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਸਕੱਤਰ ਵਿਨੀ ਮਹਾਜਨ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਵਿਖੇ ਕੀਤਾ।

ਉਹ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਚੱਲ ਰਹੇ ਪ੍ਰਮੁੱਖ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਸਨ।

ਉਨਾਂ ਦੱਸਿਆ ਕਿ 3,383.89 ਕਰੋੜ ਰੁਪਏ ਦੀ ਲਾਗਤ ਨਾਲ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਵਾਲਾ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਵਾਸਤੇ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ 38 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਜਾ ਚੁੱਕੀ ਹੈ । ਉਨਾਂ ਕਿਹਾ ਕਿ ਜ਼ਮੀਨ ਦੀ ਰਜਿਸਟਰੇਸ਼ਨ ਪ੍ਰਕਿਰਿਆ 31 ਅਗਸਤ, 2021 ਤੱਕ ਪੂਰੀ ਹੋ ਜਾਣੀ ਚਾਹੀਦੀ ਹੈ।

ਵਿਨੀ ਮਹਾਜਨ ਨੇ ਕਿਹਾ ਕਿ 5700 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਰਾਸ਼ਟਰੀ ਰਾਜਮਾਰਗਾਂ : ਦਿੱਲੀ-ਕੱਟੜਾ ਐਕਸਪ੍ਰੈਸਵੇਅ, ਤਲਵੰਡੀ ਭਾਈ ਤੋਂ ਫਿਰੋਜ਼ਪੁਰ ਨੂੰ 4-ਲੇਨ ਬਣਾਉਣ, ਲੁਧਿਆਣਾ-ਤਲਵੰਡੀ ਐਨ.ਐਚ -95, ਖਰੜ-ਲੁਧਿਆਣਾ ਅਤੇ ਲਾਢੋਵਾਲ ਬਾਈਪਾਸ ਲਈ ਜ਼ਮੀਨ ਗ੍ਰਹਿਣ ਪ੍ਰਕਿਰਿਆ ਇਸ ਸਾਲ 15 ਅਕਤੂਬਰ ਤੱਕ ਮੁਕੰਮਲ ਕੀਤੀ ਜਾਵੇ।

- Advertisement -

ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚੋਂ ਲੰਘਦੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਦੇਣ ਲਈ 650 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੀ ਪੁਨਰ ਸੁਰਜੀਤੀ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਇਹ ਪ੍ਰਾਜੈਕਟ ਅਗਲੇ ਸਾਲ ਦਸੰਬਰ ਤੱਕ ਕੰਮ ਕਰਨ ਲਈ ਤਿਆਰ ਹੋ ਜਾਵੇਗਾ।

ਉਨਾਂ ਅੱਗੇ ਦੱਸਿਆ ਕਿ ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਰਮਾਣ ਅਗਲੇ ਸਾਲ ਜਨਵਰੀ ਤੱਕ ਮੁਕੰਮਲ ਹੋ ਜਾਵੇਗਾ, ਜਿਸ ਨਾਲ ਭਾਰਤ ਦੇ ਮਾਨਚੈਸਟਰ ਵਜੋਂ ਜਾਣੇ ਜਾਂਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਹਵਾਈ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਇਸਦੇ ਸਿੱਟੇ ਵਜੋਂ ਜ਼ਿਲੇ ਵਿੱਚ ਨਿਵੇਸ਼ ਅਤੇ ਨੌਕਰੀਆਂ ਦੇ ਮੌਕੇ ਵੀ ਵਧਣਗੇ।

ਮੁੱਖ ਸਕੱਤਰ ਨੇ ਆਸ ਪ੍ਰਗਟਾਈ ਕਿ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣ ਅਤੇ ਨੌਕਰੀਆਂ ਪੈਦਾ ਕਰਨ ਲਈ ਪਿੰਡ ਧਨਾਨਸੂ ਵਿਖੇ ਹਾਈ-ਟੈਕ ਸਾਈਕਲ ਵੈਲੀ ਅਗਲੇ ਸਾਲ ਫਰਵਰੀ ਤੱਕ ਪੂਰੀ ਤਰਾਂ ਚਾਲੂ ਹੋ ਜਾਵੇਗਾ। ਇਸ ਵੈਲੀ ਵਿੱਚ ਪ੍ਰਮੁੱਖ ਕੰਪਨੀਆਂ ਜਿਵੇਂ ਹੀਰੋ ਸਾਈਕਲਜ, ਅਦਿਤਯਾ ਬਿਰਲਾ ਗਰੁੱਪ ਅਤੇ ਜੇ.ਕੇ. ਪੇਪਰ ਲਿਮਟਡ ਕੰਮ ਕਰਨਗੀਆਂ । ਹੀਰੋ ਸਾਇਕਲਜ਼ ਨੇ ਵਿਸ਼ੇਸ਼ ਰੂਪ ਵਿੱਚ ਈ-ਬਾਈਕ ਅਤੇ ਪ੍ਰੀਮੀਅਮ ਬਾਈਕ ਦੇ ਉਤਪਾਦਨ ਅਤੇ ਸਾਲਾਨਾ 4 ਮਿਲੀਅਨ ਸਾਈਕਲ ਉਤਪਾਦਨ ਸਮਰੱਥਾ ਵਾਲੀ ਸਹਾਇਕ ਯੂਨਿਟ ਸਥਾਪਤ ਕੀਤੀ ਹੈ। ਇਸੇ ਤਰਾਂ ਆਦਿਤਯਾ ਬਿਰਲਾ ਗਰੁੱਪ ਨੇ ਵੀ ਹਾਈ-ਟੈਕ ਵੈਲੀ ਵਿੱਚ ਲਗਭਗ 1,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਵਿਨੀ ਮਹਾਜਨ ਨੇ ਦੱਸਿਆ ਕਿ ਪਿੰਡ ਬੁਰਜ ਹਰੀ ਸਿੰਘ (ਰਾਏਕੋਟ) ਅਤੇ ਲੁਧਿਆਣਾ ਸ਼ਹਿਰ ਦੇ ਜਮਾਲਪੁਰ ਖੇਤਰ ਵਿੱਚ ਦੋ ਨਵੇਂ ਸਰਕਾਰੀ ਡਿਗਰੀ ਕਾਲਜ ਬਣਾਏ ਰਹੇ ਹਨ ਅਤੇ ਦੋਵੇਂ ਇਸ ਸਾਲ ਅਕਤੂਬਰ ਤੱਕ ਮੁਕੰਮਲ ਹੋ ਜਾਣਗੇ। ਉਨਾਂ ਨੇ ਧਾਂਦਰਾ ਕਲਸਟਰ ਰੂਰਬਨ ਮਿਸ਼ਨ ਤਹਿਤ 100 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰਾਂ ਦੇ ਨਾਲ ਲਗਦੇ ਪੇਂਡੂ ਖੇਤਰਾਂ ਦੇ ਵਿਕਾਸ ਲਈ 35 ਪ੍ਰਾਜੈਕਟ ਅਤੇ 2.34 ਕਰੋੜ ਰੁਪਏ ਦੀ ਲਾਗਤ ਨਾਲ ਵੱਖ -ਵੱਖ ਪਿੰਡਾਂ ਵਿੱਚ 17 ਪੰਚਾਇਤ ਘਰਾਂ ਦੇ ਨਿਰਮਾਣ ਸਬੰਧੀ ਪ੍ਰਾਜੈਕਟ ਵੀ ਅਕਤੂਬਰ ਤੱਕ ਮੁਕੰਮਲ ਕੀਤੇ ਜਾਣ ਦੇ ਵੀ ਨਿਰਦੇਸ਼ ਦਿੱਤੇ।

ਉਨਾਂ ਕਿਹਾ ਕਿ 12 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲੇ ਦੇ 57 ਪਿੰਡਾਂ ਦੇ ਛੱਪੜਾਂ ਦੇ ਵਿਕਾਸ ਦਾ ਕੰਮ ਵੀ ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇ।

- Advertisement -

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 57 ਵਿੱਚੋਂ 31 ਛੱਪੜਾਂ ਦੇ ਵਿਕਾਸ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਸਮਾਰਟ ਵਿਲੇਜ ਅਭਿਆਨ ਤਹਿਤ 200 ਕਰੋੜ ਰੁਪਏ ਦੀ ਲਾਗਤ ਨਾਲ 3353 ਵਿਕਾਸ ਕਾਰਜ ਪੂਰੇ ਜੋਰ-ਸ਼ੋਰ ਨਾਲ ਚੱਲ ਰਹੇ ਹਨ ਅਤੇ ਅਕਤੂਬਰ ਤੱਕ ਮੁਕੰਮਲ ਵੀ ਹੋ ਜਾਣਗੇ ਹਨ।

ਮੁੱਖ ਸਕੱਤਰ ਨੇ ਦੱਸਿਆ ਕਿ ਮੁੱਲਾਂਪੁਰ ਦਾਖਾ, ਰਾਏਕੋਟ ਅਤੇ ਖੰਨਾ ਵਿੱਚ ਕ੍ਰਮਵਾਰ 5 ਕਰੋੜ, 3.87 ਕਰੋੜ ਅਤੇ 3.73 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਅੱਡੇ ਬਣਾਏ ਜਾ ਰਹੇ ਹਨ।

ਉਨਾਂ ਦੱਸਿਆ ਕਿ ਰਾਏਕੋਟ, ਸਮਰਾਲਾ ਅਤੇ ਖੰਨਾ ਵਿਖੇ ਕ੍ਰਮਵਾਰ 31 ਕਰੋੜ ਰੁਪਏ, 23 ਕਰੋੜ ਰੁਪਏ ਅਤੇ 124 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਅਤੇ ਸੀਵਰੇਜ ਸਕੀਮ ਮੁਹੱਈਆ ਕਰਵਾਉਣ ਦੇ ਪ੍ਰਾਜੈਕਟ ਇਸ ਸਾਲ 31 ਦਸੰਬਰ ਤੱਕ ਮੁਕੰਮਲ ਕੀਤੇ ਜਾਣ।

ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਪੱਖੋਵਾਲ ਰੋਡ ‘ਤੇ 123 ਕਰੋੜ ਰੁਪਏ ਦੀ ਲਾਗਤ ਨਾਲ ਚਿਰਾਂ ਤੋਂ ਉਡੀਕੇ ਜਾ ਰਹੇ ਇੰਟੀਗ੍ਰੇਟਡ ਰੇਲ ਓਵਰ-ਬਿ੍ਰਜ ਅਤੇ ਰੇਲ ਅੰਡਰ-ਬਿ੍ਰਜ ਪ੍ਰਾਜੈਕਟ ਦਾ ਨਿਰਮਾਣ ਪੂਰੇ ਜ਼ੋਰਾਂ ’ਤੇ ਹੈ ਅਤੇ ਇਹ ਪ੍ਰਾਜੈਕਟ ਜਲਦੀ ਹੀ ਪੂਰਾ ਹੋ ਜਾਵੇਗਾ।

ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਵਲੋਂ ਬਿਲਡਿੰਗ ਯੋਜਨਾਵਾਂ, ਵਾਟਰ ਚਾਰਜ ਅਤੇ ਪ੍ਰਾਪਰਟੀ ਟੈਕਸ ਤੋਂ ਰਿਕਾਰਡ ਮਾਲੀਆ ਉਗਰਾਇਆ ਹੈ ਅਤੇ ਉਨਾਂ ਨੇ ਵਿਕਾਸ ਕਾਰਜਾਂ ਲਈ 170 ਕਰੋੜ ਰੁਪਏ ਦੇ ਟੈਂਡਰ ਕੱਢਣ ’ਤੇ ਵੀ ਤਸੱਲੀ ਪ੍ਰਗਟਾਈ।

ਜ਼ਿਲਾ ਅਧਿਕਾਰੀਆਂ ਨੂੰ ਸਾਰੇ ਵਿਕਾਸ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਦੀ ਤਾਕੀਦ ਕਰਦਿਆਂ ਮੁੱਖ ਸਕੱਤਰ ਨੇ ਜਿਲੇ ਵਿੱਚ ਮਾਲੀਆ ਉਗਰਾਹੀ ਦਾ ਜਾਇਜ਼ਾ ਵੀ ਲਿਆ ਅਤੇ ਅਧਿਕਾਰੀਆਂ ਨੂੰ ਇਸ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

Share this Article
Leave a comment