ਅਬੋਹਰ ‘ਚ ਕਪਾਹ ਦੀ ਫਸਲ ਨੂੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਮੁੱਖ ਮੰਤਰੀ : ਸੁਖਬੀਰ ਸਿੰਘ ਬਾਦਲ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਅਬੋਹਰ ਦੇ ਤਕਰੀਬਨ ਇਕ ਦਰਜ਼ਨ ਪਿੰਡਾਂ ‘ਚ ਸਾਉਣੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਅਤੇ ਉਹਨਾਂ ਨੇ ਪੰਜਾਬ ਵਿਚ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵਾਂਗ ਹੀ ਸੂਬੇ ਦਾ ਹਿੱਸਾ ਵਧਾ ਕੇ ਫਸਲਾਂ ਦੇ ਮੁਆਵਜ਼ੇ ਦੀਆਂ ਦਰਾਂ ‘ਚ ਵਾਧਾ ਕੀਤੇ ਜਾਣ ਦੀ ਵੀ ਮੰਗ ਕੀਤੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜਾਂ ਨੇ ਅਬੋਹਰ ਦੇ ਤਕਰੀਬਨ ਇਕ ਦਰਜਨ ਪਿੰਡਾਂ ਵਿਚ ਕਪਾਹ ਤੇ ਹੋਰ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਜਦਕਿ ਇਹ ਪਾਣੀ ਸ਼ਹਿਰ ਦੀਆਂ ਕਈ ਕਲੌਨੀਆਂ ਵਿਚ ਘਰਾਂ ਵਿਚ ਵੜ• ਗਿਆ ਜਿਸ ਕਾਰਨ ਘਰਾਂ ਤੇ ਘਰੇਲੂ ਸਮਾਨ ਨੂੰ ਨੁਕਸਾਨ ਪੁੱਜਾ ਹੈ। ਉਹਨਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਵੱਲੋਂ ਮੌਨਸੂਨ ਸੀਜ਼ਨ ਤੋਂ ਪਹਿਲਾ ਸਾਰੀਆਂ ਡਰੇਨਾਂ ਦੀ ਸਫਾਈ ਨਾ ਕਰਨ ਦਾ ਖਮਿਆਜ਼ਾ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਕੱਲ ਅਬੋਹਰ-ਸੀਤੋਗੁੰਨੋ-ਡਬਵਾਲੀ ਰੋਡ ‘ਤੇ ਧਰਨਾ ਵੀ ਲਾਇਆ ਸੀ ਤਾਂ ਕਿ ਸਰਕਾਰ ਦਾ ਧਿਆਨ ਅਬੁਲਖੁਰਾਣਾ ਡਰੇਨ ਤੋਂ ਪਾਣੀ ਓਵਰਫਲੋਅ ਦੀਆਂ ਸਮੱਸਿਆ ਵੱਲ ਧਿਆਨ ਖਿੱਚਿਆ ਜਾ ਸਕੇ।

ਸੁਖਬੀਰ ਸਿੰਘ ਬਾਦਲ ਨੇ ਢੁਕਵੇਂ ਕਦਮ ਚੁੱਕਣ ਲਈ ਆਖਿਆ ਤੇ ਕਿਹਾ ਕਿ ਸਰਕਾਰ ਨੂੰ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਵਿਚਲੇ ਘਰਾਂ ਨੂੰ ਹੋਏ ਨੁਕਸਾਨ ਤੇ ਅਬੋਹਰ ਸ਼ਹਿਰ ਵਿਚ ਘਰਾਂ ਤੇ ਘਰੇਲੂ ਸਮਾਨ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ। ਉਹਨਾਂ ਨੇ ਅਬੋਹਰ ਸ਼ਹਿਰ ਵਿਚ ਜ਼ਰੂਰੀ ਸੇਵਾਵਾਂ ਤੇਜ਼ੀ ਨਾਲ ਬਹਾਲ ਕੀਤੇ ਜਾਣ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਰਿਪੋਰਟਾਂ ਦੇ ਮੁਤਾਬਕ ਕਈ ਪ੍ਰਭਾਵਤ ਪਿੰਡਾਂ ਵਿਚ ਦੁਧਾਰੂ ਪਸ਼ੂਆਂ ਲਈ ਚਾਰੇ ਦੀ ਗੰਭੀਰ ਕਮੀ ਹੋ ਗਈ ਹੈ ਤੇ ਸਰਕਾਰ ਨੂੰ ਇਸਦੀ ਸਪਲਾਈ ਵਾਸਤੇ ਵੀ ਕਦਮ ਚੁੱਕਣੇ ਚਾਹੀਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਕਈ ਥਾਵਾਂ ‘ਤੇ ਕਪਾਹ ਦੀ ਫਸਲ ਨੂੰ ਅੰਸ਼ਕ ਨੁਕਸਾਨ ਪੁੱਜਾ ਹੈ। ਇਸ ਲਈ ਵੀ ਵੱਖਰੇ ਤੌ ‘ਤੇ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਦਕਿ ਹਾੜੀ ਦੀ ਫਸਲ ਦੌਰਾਨ ਪਹਿਲਾਂ ਪਏ ਭਾਰੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਅਵਜ਼ਾ ਵੀ ਛੇਤੀ ਜਾਰੀ ਕੀਤਾਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਪੰਜਾਬ ਵਿਚ ਫਸਲਾਂ ਲਈ ਮੁਆਵਜ਼ਾ ਦਰਾਂ ਵਿਚ ਵਾਧਾ ਕਰੇ ਅਤੇ ਇਸ ਵਾਸਤੇ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੱਲੋਂ ਕੀਤੇ ਅਨੁਸਾਰ ਸੂਬਾਈ ਹਿੱਸਾ ਵਧਾਵੇ।

Share This Article
Leave a Comment