ਚੰਡੀਗੜ੍ਹ: ਹਰਿਆਣਾ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜਰ ਸਥਿਤੀ ਦਾ ਜਾਇਜਾ ਲੈਣ ਤਹਿਤ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਐਮਰਜੈਂਸੀ ਮੀਟਿੰਗ ਕੀਤੀ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਆਮ ਨਾਗਰਿਕ ਨੂੰ ਕਿਸੇ ਤਰ੍ਹਾ ਦੀ ਸਮਸਿਆ ਨਹੀਂ ਹੋਣੀ ਚਾਹੀਦੀ , ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਮਨੋਹਰ ਲਾਲ ਨੇ ਅੰਬਾਲਾ, ਪੰਚਕੂਲਾ, ਯਮੁਨਾਨਗਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਨਦੀਆਂ ਦੇ ਕੋਲ ਨਾ ਜਾਣ ਦੇਣ। ਯਮੁਨਾ , ਘੱਗਰ ਤੇ ਹੋਰ ਛੋਟੀ-ਨਦੀਆਂ ਦਾ ਜਲਪੱਧਰ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਵੀ ਲਗਾਤਾਰ ਬਰਸਾਤ ਹੋਣ ਦੇ ਚਲਦੇ ਨਦੀਆਂ ਵਿਚ ਪਾਣੀ ਲਗਾਤਾਰ ਵੱਧ ਰਿਹਾ ਹੈ। ਇਸ ਲਈ ਹੇਠਲੇ ਬਲਾਕਾਂ ਨੂੰ ਖਾਲੀ ਕਰਵਾਉਣ ਯਕੀਨੀ ਕਰਨ। ਨਰਵਾਨਾ ਬ੍ਰਾਂਚ ਅਤੇ ਐਸਵਾਈਏਲ ਵਿਚ ਵੀ ਪਾਣੀ ਆਪਣੀ ਪੂਰੀ ਸਮਰੱਥਾ ਤਕ ਵੱਗ ਰਿਹਾ ਹੈ। ਇਸ ਲਈ ਜਿਲ੍ਹਾ ਡਿਪਟੀ ਕਮਿਸ਼ਨਰ ਨਜਰ ਬਣਾਏ ਰੱਖਣ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਬੋਰਿਆਂ ਵਿਚ ਮਿੱਟੀ ਭਰਵਾ ਕੇ ਤਿਆਰ ਰੱਖਣ ਤਾਂ ਜੋ ਜੇਕਰ ਕਿਤੇ ਕੋਈ ਨਦੀ ਜਾਂ ਡ੍ਰੇਨ ਵਿਚ ਕੋਈ ਕਟਾਵ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਕੰਟਰੋਲ ਕੀਤਾ ਜਾ ਸਕੇ।
ਉਨ੍ਹਾਂ ਨੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਔਸਤ ਤੋਂ ਕਈ ਵੱਧ ਬਰਸਾਤ ਹੋ ਰਹੀ ਹੈ, ਇਸ ਲਈ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜਿਲ੍ਹਿਆਂ ਵਿਚ ਹਰ ਸਥਿਤੀ ‘ਤੇ ਸਖਤ ਨਜਰ ਬਣਾਏ ਰੱਖਣ। ਜੇਕਰ ਕਿਸੇ ਇਲਾਕੇ ਵਿਚ ਪਾਣੀ ਭਰਦਾ ਹੈ ਤਾਂ ਲੋਕਾਂ ਨੂੰ ਰੇਸਕਿਯੂ ਕਰਨ ਦੇ ਨਾਲ-ਨਾਲ ਲੋਕਾਂ ਦੇ ਲਈ ਭੋਜਨ ਦੇ ਪੈਕੇਟ ਪਹੁੰਚਾਉਣਾ ਤੇ ਸਿਹਤ ਸਹੂਲਤਾਂ ਮਹੁਇਆ ਕਰਵਾਉਣਾ ਯਕੀਨੀ ਕਰਨ।
ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਪਿਹੋਵਾ -ਅੰਬਾਲਾ ਸੜਕ ‘ਤੇ ਕੁੱਝ ਕਿਨਾਰਿਆਂ ਤੋਂ ਮਿੱਟੀ ਖਿਸਕਣ ਦੀ ਸੂਚਨਾ ਮਿਲੀ ਹੈ ਇਸ ਲਈ ਇਸ ‘ਤੇ ਨਜਰ ਬਣਾਏ ਰੱਖਣ ਅਤੇ ਮਿੱਟੀ ਦੇ ਕਟਾਵ ਨੂੰ ਰੋਕਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਚਕੂਲਾ ਦੀ ਡਿਪਟੀ ਕਮਿਸ਼ਨਰ ਨੂੰ ਵੀ ਪਿੰਜੌਰ -ਬੱਦੀ ਸੜਕ ‘ਤੇ ਪੁੱਲ ਟੁੱਟਨ ਦੇ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕੱਢਣ ਤੇ ਹਿਮਾਚਲ ਦੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਿਤ ਕਰ ਕੇ ਕੋਈ ਹੋਰ ਮਾਰਗ ਦੀ ਵਿਵਸਥਾ ਕਰਵਾਉਣ ਦੇ ਯਤਨ ਕਰਨ।