ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਆਗਾਜ਼

TeamGlobalPunjab
3 Min Read

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਆਗਾਜ਼ ਕੀਤਾ ਜੋ ਕਿ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਤੇ ‘ਯੁਵਾਹ’- ਜੋ ਕਿ ਯੂਨੀਸੈਫ, ਯੂ.ਐਨ. ਏਜੰਸੀਆਂ, ਸਿਵਲ ਸੁਸਾਇਟੀ ਦੇ ਸੰਗਠਣਾਂ ਅਤੇ ਨਿੱਜੀ ਖੇਤਰ ਦਾ ਉਦਮ ਹੈ, ਦੀ ਸਾਂਝੀ ਕੋਸ਼ਿਸ਼ ਹੈ।

ਪੰਜਾਬ ਦੀ ਨੌਜਵਾਨੀ ਲਈ ਸਰਵੋਤਮ ਮੌਕੇ ਮੁਹੱਈਆ ਕਰਵਾਉਣ ’ਤੇ ਕੇਂਦਰਤ ਇਸ ਪ੍ਰਾਜੈਕਟ ਤਹਿਤ ਨੌਜਵਾਨਾਂ ਨੂੰ ਉਨਾਂ ਦੇ ਸੁਪਨੇ ਪੂਰੇ ਕਰਨ ਅਤੇ ਆਪਣੇ ਭਾਈਚਾਰੇ ਵਿਚ ਬਦਲਾਅ ਦੇ ਦੂਤ ਬਣਨ ਤੇ ਇਸ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਆਪਣੇ ਜੀਵਨ ਦਾ ਮਕਸਦ ਹਾਸਲ ਕਰਵਾਉਣ ਲਈ ਮਦਦ ਕੀਤੀ ਜਾਵੇਗੀ। ਇਸ ਉਦਮ ਦੀ ਸ਼ੁਰੂਆਤ ਯੂ-ਰਿਪੋਰਟ ਦੀ ਮਦਦ ਨਾਲ ਕੀਤੇ ਜਾਣ ਵਾਲੇ ਇੱਕ ਸਰਵੇਖਣ ਤੋਂ ਕੀਤੀ ਜਾਵੇਗੀ ਜਿਸ ਵਿਚ ਯੁਵਾਹ ਅਤੇ ਯੂਨੀਸੈਫ ਵੀ ਮਦਦਗਾਰ ਹੋਣਗੇ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਦਰਪੇਸ਼ ਚੁਣੌਤੀਆਂ ਦੀ ਸੁਣਵਾਈ ਕਰਦੇ ਹੋਏ ਉਨਾਂ ਦੀਆਂ ਇੱਛਾਵਾਂ ਜਾਣਨ ਦੀ ਕੋਸ਼ਿਸ਼ ਕਰਨਗੇ।

ਪੰਜਾਬ ਲਈ ਯੂ-ਰਿਪੋਰਟ ਨੂੰ ਸੂਬੇ ਦੇ ਨੌਜਵਾਨਾਂ ਦੇ ਜੀਵਨ ਲਈ ਬੇਹੱਦ ਅਸਰਦਾਰ ਸਾਬਤ ਹੋਣ ਵਾਲੀਆਂ ਨੀਤੀਆਂ ਨਿਰਧਾਰਤ ਕਰਨ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਪੱਖੋਂ ਬੇਹੱਦ ਅਹਿਮ ਮੌਕਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਨੌਜਵਾਨ ਵਰਗ ਲਈ ਰੁਜ਼ਗਾਰ ਮੁਹੱਈਆ ਕਰਨ ਅਤੇ ਉਨਾਂ ਅੰਦਰ ਲੁਕੀ ਉੱਦਮਤਾ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਪੰਜਾਬ ਸਰਕਾਰ, ਯੂ.ਐਨ. ਏਜੰਸੀਆਂ, ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀ ਸੰਗਠਨਾਂ ਵੱਲੋਂ ਗੰਭੀਰ ਉਪਰਾਲੇ ਕੀਤੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਯੁਵਾਹ ਸਾਂਝੇਦਾਰੀ ਵੱਲੋਂ ਆਪਣੇ ਕੈਰੀਅਰ ਗਾਈਡੈਂਸ ਪੋਰਟਲ ਜ਼ਰੀਏ ਹੁਣ ਤੱਕ ਪੂਰੇ ਭਾਰਤ ਵਿਚ 15 ਮਿਲੀਅਨ ਨੌਜਵਾਨਾਂ ਨੂੰ ਆਪਣਾ ਕੈਰੀਅਰ ਸੰਵਾਰਨ ਲਈ ਮੌਕੇ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਗਈ ਹੈ ਅਤੇ ਛੇਤੀ ਹੀ ਇਹ ਸੁਵਿਧਾ ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਕੀਮਤ ਦੇ ਹਾਸਲ ਹੋਵੇਗੀ।

ਮੁੱਖ ਮੰਤਰੀ ਨੇ ਰੁਜ਼ਗਾਰ ਉਤਪੱਤੀ ਨੂੰ ਆਪਣੀ ਸਰਕਾਰ ਦੀ ਇੱਕ ਬੇਹੱਦ ਅਹਿਮ ਪਹਿਲ ਦੱਸਦੇ ਹੋਏ ਕਿਹਾ ਕਿ ਇਸ ਰਾਹੀਂ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸੂਬੇ ਦੇ ਨੌਜਵਾਨਾਂ ਲਈ ਲੱਖਾਂ ਹੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਅੱਗੇ ਜਾਣਕਾਰੀ ਦਿੱਤੀ ਕਿ ਲਾਕਡਾਊਨ ਦੌਰਾਨ ਵੀ 13 ਹਜ਼ਾਰ ਨੌਕਰੀਆਂ ਅਤੇ 22 ਹਜ਼ਾਰ ਸਵੈ-ਰੁਜ਼ਗਾਰ ਦੇ ਵਸੀਲੇ ਸੂਬੇ ਦੇ ਨੌਜਵਾਨਾਂ ਨੂੰ ਉਪਲਬੱਧ ਕਰਵਾਏ ਗਏ ਸਨ। 7ਵੇਂ ਰੁਜ਼ਗਾਰ ਮੇਲੇ ਸਬੰਧੀ ਰਜਿਸਟਰੇਸ਼ਨ ਦੀ ਪ੍ਰਿਆ ਚਾਲੂ ਹੈ ਅਤੇ ਇਸ ਰੁਜ਼ਗਾਰ ਮੇਲੇ ਤੋਂ 50 ਹਜ਼ਾਰ ਨੌਕਰੀਆਂ ਸਿਰਜੇ ਜਾਣ ਦੀ ਉਮੀਦ ਹੈ। ਇਸ ਮੌਕੇ ਸੂਬੇ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਹਾਜ਼ਰ ਸਨ।

- Advertisement -

Share this Article
Leave a comment