CM ਮਾਨ ਨੇ ਜਲੰਧਰ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਕੀਤਾ ਉਦਘਾਟਨ, ਖਿਡਾਰੀਆਂ ਨਾਲ ਖੇਡਿਆ ਵਾਲੀਬਾਲ

Rajneet Kaur
3 Min Read

ਜਲੰਧਰ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਮੈਗਾ ਸਪੋਰਟਸ ਈਵੈਂਡ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕੀਤਾ।  ਮੁੱਖ ਮੰਤਰੀ ਜੋ ਕਿ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਾਲੀਬਾਲ ਸ਼ੂਟਿੰਗ ਦੇ ਖਿਡਾਰੀ ਰਹੇ ਹਨ, ਨੇ ਵਾਲੀਬਾਲ ਦੇ ਸ਼ੋਅ ਮੈਚ ਵਿਚ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਰੀਬ 20 ਮਿੰਟ ਵਾਲੀਬਾਲ ਗਰਾਊਂਡ ‘ਚ ਖਿਡਾਰੀਆਂ ਨਾਲ ਖੇਡ ਕੇ ਸ਼ੂਟਿੰਗ ਤੇ ਸਰਵਿਸ ਕੀਤੀ ਤੇ ਆਪਣੀ ਟੀਮ ਲਈ ਪੁਆਇੰਟ ਹਾਸਲ ਕੀਤੇ। ਸਟੇਡੀਅਮ ਵਿਚ ਮੌਜੂਦ ਉਨ੍ਹਾਂ ਦੀ ਪੂਰੀ ਕੈਬਨਿਟ, ਵਿਧਾਇਕ ਤੇ ਖਿਡਾਰੀ ਰੁਮਾਂਚਤ ਹੋ ਗਏ ਤੇ ਤਾੜੀਆ ਦੀ ਗੂੰਜ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦਾ ਦਿਲ ਖੁਸ਼ ਹੈ ਕਿ ਸਾਡੇ ਬੱਚਿਆਂ ਵਿਚ ਕਿੰਨੀ ਪ੍ਰਤਿਭਾ ਹੈ ਜੋ ਇਥੇ ਪੇਸ਼ਕਾਰੀਆਂ ਦੇ ਰਹੇ ਹਨ।

ਇਸ ਤੋਂ ਇਲਾਵਾ ਸਿੱਖ ਧਰਮ ਦੀ ਵਿਰਾਸਤ ਗਤਕਾ ਦੇ ਜੌਹਰ ਦਿਖਾਏ ਗਏ। ਖਿਡਾਰੀਆਂ ਨੇ ਰੱਸਾ ਕੱਸੀ ਖੇਡੀ ਤੇ ਆਖਿਰ ਵਿਚ ਮੁੱਖ ਮੰਤਰੀ ਦੇ ਨਾਲ ਖਿਡਾਰੀਆਂ ਨੇ ਵਾਲੀਬਾਲ ਦਾ ਗੇਮ ਵੀ ਖੇਡਿਆ।ਦੱਸ ਦੇਈਏ ਕਿ ਓਲੰਪਿਕ ਤੇ ਰਾਸ਼ਟਰ ਮੰਡਲ ਖੇਡਾਂ ਵਿਚ ਤਗਮਾ ਜਿੱਤਣ ਵਾਲੇ 13 ਐਥਲੀਟਾਂ ਦੀ ਚੋਣ ਕੀਤੀ ਹੈ। ਇਹ ਖੇਡ 21 ਅਕਤੂਬਰ ਤੱਕ ਜਾਰੀ ਰਹਿਣਗੇ। ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਮਸ਼ਹੂਰ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਕੌਮੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿਚ ਅਜਿਹਾ ਸਮਾਂ ਆਇਆ ਸੀ ਜਦੋਂ ਜਰਮਨੀ ਦੇ ਸ਼ਾਸਕ ਹਿਟਲਰ ਨੇ ਉਨ੍ਹਾਂ ਨੂੰ ਜਰਮਨੀ ਲਈ ਖੇਡਣ ਵਾਸਤੇ ਪੇਸ਼ਕਸ਼ ਕੀਤੀ ਸੀ ਤਾਂ ਹਾਕੀ ਦੇ ਜਾਦੂਗਰ ਨੇ ਕਿਹਾ ਸੀ, ”ਉਹ ਭਾਰਤੀ ਹੈ ਤੇ ਆਪਣੇ ਦੇਸ਼ ਲਈ ਹੀ ਖੇਡੇਗਾ”। ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਕਹਿ ਰਿਹਾ ਹੈ ਕਿ ਅਸੀਂ ਪੰਜਾਬੀ ਹਾਂ ਤੇ ਪੰਜਾਬ ਵੱਲੋਂ ਖੇਡਾਂਗੇ ਤੇ ਮੈਡਲ ਲਿਆਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਬੱਚਿਆ ਦੇ ਖੰਭ ਏਨੇ ਮਜ਼ਬੂਤ ਹੋਣਗੇ ਕਿ ਉਹ ਪੰਜਾਬ ਦੇ ਨਾਮਵਰ ਖਿਡਾਰੀ ਬਣ ਕੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਪੰਜਾਬੀਆ ਵਿਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ, ਖੇਡ ਢਾਂਚਾ ਵਿਕਸਤ ਹੀ ਨਹੀਂ ਕੀਤਾ ਗਿਆ। ਜੇ ਖੇਡ ਮੈਦਾਨ ਕੌਮਾਂਤਰੀ ਪੱਧਰ ਦੇ ਹੋਣਗੇ ਤਾਂ ਖਿਡਾਰੀ ਵੀ ਕੌਮਾਂਤਰੀ ਪੱਧਰ ਦੇ ਪੈਦਾ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਤੰਦਰੁਸਤੀ ਲਈ ਮੱਲ ਅਖਾੜੇ ਸ਼ੁਰੂ ਕੀਤੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੜਸਵਾਰੀ ਸ਼ੁਰੂ ਕੀਤੀ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਜਲੰਧਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਵਿੱਚ 30 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment