ਚੰਡੀਗੜ੍ਹ: ਸਾਲ 2018 ‘ਚ ਇੱਕ ਮਹਿਲਾ ਅਫਸਰ ਵੱਲੋਂ Me too ਦੇ ਤਹਿਤ ਚਰਨਜੀਤ ਚੰਨੀ ਦੇ ਖਿਲਾਫ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਦਾ ਮੁੱਦਾ ਇੱਕ ਵਾਰ ਫਿਰ ਭੱਖ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਵੱਲੋਂ ਇਸ ਮਾਮਲੇ ਸਬੰਧੀ ਫਾਈਲਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ।
ਮਨੀਸ਼ਾ ਗੁਲਾਟੀ ਨੇ ਇਸ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਮੁੜ ਚਿੱਠੀ ਲਿਖਕੇ ਇੱਕ ਹਫਤੇ ‘ਚ ਸਪੱਸ਼ਟੀਕਰਨ ਮੰਗਿਆ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਸੂਬੇ ਦੇ ਕਈ ਅਫਸਰਾਂ ਵੱਲੋਂ ਫੋਨ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਨਾਂ ਕਰਨ ਤੇ ਉਸ ਮੰਤਰੀ ਨਾਲ ਮਿਲੀ ਭੁਗਤ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ।
ਮਨੀਸ਼ਾ ਗੁਲਾਟੀ ਕਿਹਾ ਇਸ ‘ਤੇ ਮਹਿਲਾ ਕਮਿਸ਼ਨ ਨੇ ਸਰਕਾਰ ਤੋਂ 6 ਨਵੰਬਰ 2018 ਨੂੰ ਵੀ ਜਵਾਬ ਮੰਗਿਆ ਸੀ, ਪਰ ਅੱਜ ਤੱਕ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਾਂ ਕੀਤੀ ਤਾਂ ਉਹ ਸੋਮਵਾਰ ਤੋਂ ਭੁੱਖ ਹੜਤਾਲ ’ਤੇ ਵੀ ਬੈਠ ਜਾਣਗੇ।
ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਇੱਕ ਮਹਿਲਾ ਆਈਏਐਸ ਅਫਸਰ ਨੇ ਮੀ-ਟੂ ਦੇ ਤਹਿਤ ਚੰਨੀ ਖ਼ਿਲਾਫ਼ ਮੁੱਖ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ। ਮੰਤਰੀ ‘ਤੇ ਮਹਿਲਾ ਆਈਏਐਸ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ਸਨ।
ਇਸ ਮਾਮਲੇ ‘ਤੇ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੰਦੇ ਕਿਹਾ ਸੀ ਕਿ ਇਹ ਮੁੱਦਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਸੀ ਕਿ, ਮੇਰੇ ਫੋਨ ਤੋਂ ਸਿਰਫ ਇੱਕ ਮੈਸੇਜ ਗਲਤੀ ਨਾਲ ਉਸ ਅਫਸਰ ਨੂੰ ਫਾਰਵਰਡ ਹੋ ਗਿਆ ਸੀ। ਇਸ ਅਣਜਾਣੇ ਵਿੱਚ ਹੋਈ ਗਲਤੀ ਲਈ ਮੇਰੇ ਵੱਲੋਂ ਅਧਿਕਾਰੀ ਤੋਂ ਮੁਆਫੀ ਮੰਗਣ ਨਾਲ ਮਸਲਾ ਹੱਲ੍ਹ ਵੀ ਹੋ ਗਿਆ ਸੀ।