ਚੰਨੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਤੁਰੰਤ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਅਪੀਲ

TeamGlobalPunjab
2 Min Read

ਨਵੀਂ ਦਿੱਲੀ : ਸੂਬੇ ਵਿੱਚ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਨਾਜਾਇਜ਼ ਤਸਕਰੀ ਰੋਕਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਸਰਹੱਦਾਂ ਸੀਲ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਕਦਮ ਨਾਲ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਵਿੱਚ ਮਦਦ ਮਿਲੇਗੀ।

ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਮਗਰੋਂ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਨਾਲ ਉਨਾਂ ਦੇ ਇਥੇ ਸਥਿਤ ਨਿਵਾਸ ਸਥਾਨ ’ਤੇ ਅੱਜ ਸ਼ਾਮ ਮੁਲਾਕਾਤ ਕੀਤੀ।

ਮੀਟਿੰਗ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਜਾਹਿਰ ਕੀਤੀ ਕਿ ਉਨਾਂ ਨੂੰ ਅੱਜ ਸੁਖਾਵੇਂ ਮਾਹੌਲ ਵਿੱਚ ਹੋਈ ਗੱਲਬਾਤ ਤੋਂ ਬਾਅਦ ਇਸਦੇ ਉਸਾਰੂ ਸਿੱਟੇ ਨਿਕਲਣ ਦੀ ਆਸ ਹੈ।

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਤੋਂ ਖੋਲਣ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਅਮਿਤ ਸ਼ਾਹ ਨੂੰ ਕਿਹਾ ਕਿ ਇਸ ਸਬੰਧੀ ਛੇਤੀ ਹੀ ਕੋਈ ਫੈਸਲਾ ਲਿਆ ਜਾਵੇ ਤਾਂ ਜੋ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ। ਇਸ ਸਬੰਧੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਉਹ ਵਿਸਥਾਰ ਸਹਿਤ ਚਰਚਾ ਮਗਰੋਂ ਲਾਂਘਾ ਖੋਲਣ ਸਬੰਧੀ ਫੈਸਲਾ ਲੈਣਗੇ।

- Advertisement -

ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਨੂੰ ਖੇਤੀ ਕਾਨੂੰਨ ਛੇਤੀ ਹੀ ਰੱਦ ਕਰਨ ਲਈ ਬੇਨਤੀ ਕੀਤੀ। ਲਖੀਮਪੁਰ ਖੀਰੀ ਹਾਦਸੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਜਿਹੇ ਜ਼ਾਲਮਾਨਾ ਕਾਰੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਇਸ ਮੰਦਭਾਗੇ ਹਾਸਦੇ ਦੇ ਪੀੜਿਤ ਪਰਿਵਾਰਾਂ ਨੂੰ ਮਿਲਣ ਜਾ ਰਹੇ ਉਨਾਂ ਦੇ ਆਗੂਆਂ ਨੂੰ ਜਿਸ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ, ਉਹ ਨਿੰਦਣਯੋਗ ਹੈ ਅਤੇ ਇਹ ਚਲਨ ਰੁਕਣਾ ਚਾਹੀਦਾ ਹੈ।

Share this Article
Leave a comment