ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ’ਤੇ ਲਗਾਤਾਰ ਸਿਆਸੀ ਬਾਣ ਛੱਡੇ ਜਾ ਰਹੇ ਹਨ। ਪਾਰਟੀ ਕੋਈ ਵੀ ਹੋਵੇ ਵਿਰੋਧੀ ਧਿਰ ਨੂੰ ਘੇਰਨ ਦਾ ਕੋਈ ਮੌਕਾ ਛੱਡਿਆ ਨਹੀਂ ਜਾ ਰਿਹਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਕਰੋੜਾਂ ਰੁਪਏ ਇਕੱਠੇ ਕਰਨ ਦਾ ਇਲਜ਼ਾਮ ਲਗਾਇਆ ਹੈ। ਸੁਖਬੀਰ ਬਾਦਲ ਨੇ ਕਾਨਫਰੰਸ ਕਰਦਿਆਂ ਜਿੱਥੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਤਾਂ ਦੂਜੇ ਪਾਸੇ ਮੁੱਖ ਮੰਤਰੀ ਚੰਨੀ ‘ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਇਲਜ਼ਾਮ ਲਗਾਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ‘ਚ ਕਾਫੀ ਅੰਤਰ ਹੈ, ਕਿਉਂਕਿ ਪੰਜਾਬ ‘ਚ ਆਮ ਆਦਮੀ ਪਾਰਟੀ ਵਲੋਂ ਸਿਰਫ਼ ਕੇਜਰੀਵਾਲ ਦੇ ਹੀ ਪੋਸਟਰ ਲੱਗੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਭਗਵੰਤ ਮਾਨ ਨੂੰ ਸਿਰਫ਼ ਕਠਪੁਤਲੀ ਸੀ.ਐੱਮ. ਐਲਾਨਿਆ ਗਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਰੇਤ ਮਾਫੀਆ ਦੇ ਸਰਗਨਾ ਹਨ ਅਤੇ ਉਨ੍ਹਾਂ ਦਾ ਭਾਣਜਾ ਇਸ ਧੰਦੇ ਨੂੰ ਚਲਾ ਰਿਹਾ ਸੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਚੰਨੀ ਨੇ ਸ਼ਰਾਬ ਡਿਸਟਿਲਰੀ ਵਾਲਿਆਂ ਤੋਂ ਕਰੋੜਾਂ ਦੀ ਰਿਸ਼ਵਤ ਲਈ ਹੈ। ਫਿਲਹਾਲ ਅਕਾਲੀ ਦਲ ਪ੍ਰਧਾਨ ਦੇ ਇਲਜ਼ਾਮਾਂ ’ਤੇ ਮੁੱਖ ਮੰਤਰੀ ਚੰਨੀ ਜਾਂ ਕਾਂਗਰਸ ਕੀ ਪ੍ਰਤੀਕਿਰਆ ਦਿੰਦੇ ਹਨ, ਇਹ ਵੇਖਣਾ ਹੋਵੇਗਾ।