ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਨਵਾਂ ਵਿਵਾਦ, ਚੰਨੀ ਦੇ ਹੱਕ ‘ਚ ਥਾਂ-ਥਾਂ ਲੱਗੇ ਪੋਸਟਰ

Global Team
2 Min Read

ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਲੀਡਰਸ਼ਿਪ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸੇ ਦੌਰਾਨ ਮੋਗਾ ਵਿੱਚ ਲੱਗੇ ਕੁਝ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪੋਸਟਰਾਂ ‘ਤੇ ‘ਰਾਜਾ-ਬਘੇਲ ਹਟਾਓ, ਪੰਜਾਬ ਕਾਂਗਰਸ ਬਚਾਓ’ ਅਤੇ ‘ਚੰਨੀ ਲਿਆਓ, ਪੰਜਾਬ ਬਚਾਓ’ ਵਰਗੇ ਨਾਅਰੇ ਲਿਖੇ ਹੋਏ ਹਨ।

ਪੋਸਟਰ ਲਗਾਉਣ ਵਾਲਿਆਂ ਬਾਰੇ ਸਸਪੈਂਸ

ਇਨ੍ਹਾਂ ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਪੋਸਟਰ ਕਿਸ ਵਿਅਕਤੀ ਜਾਂ ਸੰਗਠਨ ਵੱਲੋਂ ਲਗਾਏ ਗਏ ਹਨ। ਨਾ ਹੀ ਕਿਸੇ ਰਾਜਨੀਤਿਕ ਪਾਰਟੀ ਅਤੇ ਨਾ ਹੀ ਕਿਸੇ ਆਗੂ ਨੇ ਇਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ।

ਸੋਸ਼ਲ ਮੀਡੀਆ ‘ਤੇ ਵੀ ਛਿੜੀ ਚਰਚਾ

ਮੋਗਾ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਦੀ ਚਰਚਾ ਹੁਣ ਸੋਸ਼ਲ ਮੀਡੀਆ ਤੱਕ ਵੀ ਪਹੁੰਚ ਗਈ ਹੈ। ਕਈ ਲੋਕ ਇਨ੍ਹਾਂ ਨੂੰ ਪੰਜਾਬ ਕਾਂਗਰਸ ਵਿੱਚ ਸੰਭਾਵਿਤ ਸਿਆਸੀ ਤਬਦੀਲੀਆਂ ਨਾਲ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਪੋਸਟਰਾਂ ਦਾ ਅਸਲ ਮਕਸਦ ਅਤੇ ਇਨ੍ਹਾਂ ਦੇ ਪਿੱਛੇ ਕੌਣ ਹੈ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਚੰਨੀ ਦੇ ਰੁਖ ਨੇ ਵਧਾਈ ਸਿਆਸੀ ਚਰਚਾ

ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਚੋਣਾਂ ਤੋਂ ਪਹਿਲਾਂ ਆਪਣੇ ਵੱਖਰੇ ਰੁਖ ਕਾਰਨ ਲਗਾਤਾਰ ਚਰਚਾ ਵਿੱਚ ਹਨ। ਉਨ੍ਹਾਂ ਦੀ ਸਿਆਸੀ ਟੱਕਰ ਹੁਣ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ ਸੀਮਿਤ ਨਹੀਂ ਰਹੀ, ਸਗੋਂ ਪਾਰਟੀ ਹਾਈਕਮਾਨ ਨਾਲ ਵੀ ਮਤਭੇਦ ਸਾਹਮਣੇ ਆਏ ਹਨ। ਉਹ ਹਾਈਕਮਾਨ ਵੱਲੋਂ ਨਿਯੁਕਤ AICC ਇੰਚਾਰਜ ਭੂਪੇਸ਼ ਬਘੇਲ ਦਾ ਬਾਈਕਾਟ ਵੀ ਕਰ ਚੁੱਕੇ ਹਨ।

ਵੜਿੰਗ ਦੇ ਪ੍ਰੋਗਰਾਮਾਂ ‘ਚ ਵੀ ਲੱਗੇ ਚੰਨੀ ਦੇ ਹੱਕ ‘ਚ ਨਾਅਰੇ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਣ ਵਾਲੇ ਕੁਝ ਪ੍ਰੋਗਰਾਮਾਂ ਦੌਰਾਨ ਵੀ ਚੰਨੀ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਹੋਈ ਹੈ। ਇਸ ਸਭ ਦੇ ਬਾਵਜੂਦ ਪਾਰਟੀ ਹਾਈਕਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਭੂਪੇਸ਼ ਬਘੇਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਰਟੀ ਸਮੂਹਿਕ ਲੀਡਰਸ਼ਿਪ ਹੇਠ ਅਤੇ ਰਾਹੁਲ ਗਾਂਧੀ ਦੇ ਚਿਹਰੇ ‘ਤੇ ਚੋਣ ਮੈਦਾਨ ਵਿੱਚ ਉਤਰੇਗੀ।

Share This Article
Leave a Comment