ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੀ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਤੋਂ ਦੂਰੀ ਬਣਾਈ ਹੈ। ਚੰਨੀ ਨੇ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਲਈ ਆਪਣੀ ਰੁੱਝੇ ਹੋਣ ਦੀ ਗੱਲ ਕਹੀ ਹੈ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਦੇ ਸ਼ਾਮਲ ਹੋਣ ਦੀ ਗੱਲ ਹੈ।
ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਵਿਰੋਧ
ਚੰਨੀ ਲਗਾਤਾਰ ਰਾਜਾ ਵੜਿੰਗ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਪ੍ਰਧਾਨਗੀ ਦਾ ਵਿਰੋਧ ਕਰਦੇ ਆ ਰਹੇ ਹਨ। ਹਾਲਾਂਕਿ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਦੇ ਇਸ ਰੁਖ ’ਤੇ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਹੁਣ CWC ਦੀ ਮੀਟਿੰਗ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਉਨ੍ਹਾਂ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
2027 ਦੀਆਂ ਚੋਣਾਂ ’ਤੇ ਹੋਵੇਗੀ ਚਰਚਾ
ਦਿੱਲੀ ਵਿੱਚ ਹੋਣ ਵਾਲੀ ਇਸ ਅਹਿਮ ਮੀਟਿੰਗ ਦੌਰਾਨ ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ। ਮੀਟਿੰਗ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਵੀ ਚਰਚਾ
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਜਲਦ ਪੰਜਾਬ ਦਾ ਦੌਰਾ ਕਰ ਸਕਦੇ ਹਨ ਅਤੇ ਵਿਧਾਨ ਸਭਾ ਚੋਣਾਂ ਲਈ ਕੈਂਪੇਨ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਸਬੰਧੀ ਉਹ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਵੱਖਰੀ ਮੀਟਿੰਗ ਵੀ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਚੰਨੀ ਨਾਲ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਗੱਲਬਾਤ ਹੋਣ ਦੀ ਸੰਭਾਵਨਾ ਦੀ ਵੀ ਚਰਚਾ ਹੈ।

