ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਤਵਾਰ ਨੂੰ ਫਗਵਾੜਾ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਮਾਮਲੇ ਨੂੰ ਕੇ ਚੰਨੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਸੁਖਬੀਰ ਨੇ ਕਿਹਾ ਕਿ ਝੂਠੇ ਗਵਾਹ ਖੜ੍ਹੇ ਕਰਕੇ ਕਾਂਗਰਸ ਦੀ ਸਰਕਾਰ ਬਾਦਲ ਪਰਿਵਾਰ ਨੂੰ ਫਸਾਉਣ ਦੀ ਸਾਜਿਸ਼ ਰਚ ਰਹੀ ਹੈ। ਉਨ੍ਹਾਂ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਵੀ ਸਰਕਾਰ ਦੇ ਦਬਾਅ ’ਚ ਕੋਈ ਗਲਤ ਕੰਮ ਕੀਤਾ ਤਾਂ ਉਨ੍ਹਾਂ ਨੂੰ ਨਜਿੱਠਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਲੋਕ ਹੁਣ ਬੇਹੱਦ ਪਰੇਸ਼ਾਨ ਹੋ ਚੁੱਕੇ ਹਨ। ਪੰਜਾਬ ਕਾਂਗਰਸ ਨੇ ਦੋ ਮੁੱਦੇ ਡਰੱਗ ਅਤੇ ਬੇਅਦਬੀ ਮਾਮਲੇ ਦਾ ਸਾਢੇ ਚਾਰ ਸਾਲਾਂ ’ਚ ਕੋਈ ਹੱਲ ਨਹੀਂ ਕੱਢਿਆ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਬੇਅਦਬੀ ਦਾ ਮੁੱਦਾ ਸਾਡੀ ਸਰਕਾਰ ਵੇਲੇ ਹੋਇਆ, ਅਸੀਂ ਮੁਆਫ਼ੀ ਵੀ ਮੰਗਦੇ ਸੰਗਤ ਤੋਂ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਇਸ ਮੁੱਦੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਪਰ ਕਾਂਗਰਸ ਸਰਕਾਰ ਨੇ ਸੀ. ਬੀ. ਆਈ. ਤੋਂ ਜਾਂਚ ਵਾਪਸ ਲੈ ਕੇ ਸਿੱਟ ਦੇ ਹਵਾਲੇ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਿੱਟ ਨੂੰ ਹਾਈਕੋਰਟ ਨੇ ਵੀ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਜਿਸ ’ਚ ਕੁੰਵਰ ਵਿਜੇ ਪ੍ਰਤਾਪ ਦੀ ਮੁੱਖ ਭੂਮਿਕਾ ਰਹੀ। ਨਵੀਂ ਸਿੱਟ ’ਚ ਆਪਣੀ ਪਸੰਦ ਦੇ ਅਫ਼ਸਰ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਨੂੰ ਹਦਾਇਤ ਦਿੱਤੀ ਹੋਈ ਹੈ ਕਿ ਕੋਈ ਬੰਦਾ ਲੱਭੋ ਅਤੇ ਉਸ ਦੇ ਬਿਆਨ ਦਰਜ ਕਰਵਾਓ। ਸਾਨੂੰ ਫਸਾਉਣ ਲਈ ਜਾਅਲੀ ਬੰਦੇ ਖੜ੍ਹੇ ਕੀਤੇ ਜਾ ਰਹੇ ਹਨ।
ਉਨ੍ਹਾਂ ਮੁੱਖ ਮੰਤਰੀ ਚੰਨੀ ਅਤੇ ਅਫ਼ਸਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੰਨੀ ਕੋਲ ਸਰਕਾਰ ਚਲਾਉਣ ਲਈ ਤਿੰਨ ਮਹੀਨੇ ਹਨ ਅਤੇ ਸਰਕਾਰ ਨੂੰ ਡਰਾਮੇ ਛੱਡ ਕੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਕੈਪਟਨ ਸਰਕਾਰ ਵਾਂਗ ਚੰਨੀ ਸਰਕਾਰ ਵੀ ਲਾਅਰੇ ਹੀ ਲਗਾ ਰਹੀ ਹੈ। ਸਾਢੇ ਚਾਰ ਸਾਲਾਂ ’ਚ ਸਿਰਫ਼ ਬਾਦਲ-ਬਾਦਲ ਹੀ ਹੋਈ ਹੈ ਜਦਕਿ ਵਿਕਾਸ ਕੋਈ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲ਼ੀਕਾਂਡ ਦੇ ਮਾਮਲੇ ’ਚ ਰਣਜੀਤ ਸਿੰਘ ਕਮਿਸ਼ਨ ਵੀ ਬਾਦਲਾਂ ਨੂੰ ਘੇਰਣ ਲਈ ਲਾਇਆ ਗਿਆ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਇਕ ਵੀ ਲਾਈਨ ਬਾਦਲਾਂ ਖ਼ਿਲਾਫ਼ ਨਹੀਂ ਹੈ। ਆਪਣੀਆਂ ਚਾਰ ਸਾਲ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਕਾਂਗਰਸ ਵਾਰ-ਵਾਰ ਬੇਅਦਬੀ ਦਾ ਮੁੱਦਾ ਘੁਮਾ ਰਹੀ ਹੈ।
ਚਰਨਜੀਤ ਸਿੰਘ ਚੰਨੀ ਵੱਲੋਂ 18 ਨਵੰਬਰ ਨੂੰ ਨਸ਼ਿਆਂ ਦੀ ਫਾਈਲ ਜਨਤਕ ਕਰਨ ਦੇ ਦਿੱਤੇ ਗਏ ਬਿਆਨ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਕੀ ਪਤਾ ਹੈ ਕਿ 18 ਨਵੰਬਰ ਨੂੰ ਕੀ ਹੋਣਾ ਹੈ। ਪੰਜਾਬ ’ਚ ਪੈਟਰੋਲ-ਡੀਜ਼ਲ ਦੇ ਘਟਾਏ ਗਏ ਰੇਟਾਂ ਦੇ ਮੁੱਦੇ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 5 ਰੁਪਏ ਡੀਜ਼ਲ ਵੈਟ ਘਟਾਉਣਾ ਬੇਹੱਦ ਘੱਟ ਹੈ ਜੇ ਘਟਾਉਣਾ ਸੀ ਤਾਂ 10 ਰੁਪਏ ਘਟਾਉਂਦੇ।