ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ 27 ਅਪ੍ਰੈਲ ਰਾਤ ਨੂੰ ਆਪਣੇ ਟਵੀਟ ਇਕ ਵਿਚ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਂਢ ਗੁਆਂਢ ਵਿਚ ਨਜ਼ਰ ਰੱਖਣ ਕਿ ਕਰਫ਼ਿਊ ਦੀ ਉਲੰਘਣਾ ਕਰਕੇ ਕਿਤੇ ਕੋਈ ਪਾਰਟੀ /ਇਕੱਠ ਵਗੈਰਾ ਤਾਂ ਨਹੀਂ ਹੋ ਰਿਹਾ। ਜੇ ਅਜਿਹਾ ਕਿਸੇ ਦੇ ਧਿਆਨ ਵਿੱਚ ਆਉਂਦਾ ਤਾਂ ਉਹ ਸਬੂਤ ਵਜੋਂ ਇਸ ਦੀ ਵੀਡੀਓ ਬਣਾ ਕੇ 112 ਨੰਬਰ ‘ਤੇ ਸੂਚਨਾ ਦੇਵੇ। ਸਮਾਜ ਦੇ ਅਜਿਹੇ ਦੁਸ਼ਮਣਾਂ ਨਾਲ ਇਸ ਤਰ੍ਹਾਂ ਹੀ ਸਿਝਿਆ ਜਾਵੇ।
https://twitter.com/manuparida1/status/1254817534135566341
ਇਸੇ ਦੌਰਾਨ ਚੰਡੀਗੜ੍ਹ ਪੁਲਿਸ ਦੀ ਪੁਲਿਸ ਕਪਤਾਨ ਨਿਲੰਬਰੀ ਜਗਦਲੇ ਨੇ ਅਖਬਾਰਾਂ ਤੇ ਸੋਸ਼ਲ ਮੀਡੀਆ ਵਿਚ ਬੀਤੇ ਦਿਨੀਂ ਬਾਪੂਧਾਮ ਕਲੋਨੀ ਵਿੱਚ ਰਾਸ਼ਨ ਵੰਡਣ ਸਮੇਂ ਇਕ ਕੋਰੋਨਾ ਪੌਜੇਟਿਵ ਦੇ ਉਥੇ ਮੌਜੂਦ ਹੋਣ ਬਾਰੇ ਲੱਗੀਆਂ ਖ਼ਬਰਾਂ ਤੋਂ ਬਾਅਦ ਆਪਣੇ ਆਪ ਨੂੰ ਕੋਰੋਨਾ ਟੈਸਟ ਦੇ ਨਾਲ ਨਾਲ ਆਈਸੋਲਾਸ਼ਨ ਲਈ ਡਾਕਟਰਾਂ ਨੂੰ ਕਿਹਾ ਹੈ। ਉਨ੍ਹਾਂ ਆਪਣੇ ਆਪ ਹੀ ਇਸ ਬਾਰੇ ਫੈਸਲਾ ਲਿਆ ਹੈ। ਚੰਡੀਗੜ੍ਹ ਦੇ ਡੀ ਜੀ ਪੀ ਸੰਜੇ ਬੈਨੀਪਾਲ ਨੇ ਦੱਸਿਆ ਕਿ ਇਸ ਸੰਬੰਧੀ ਨਿਲੰਬਰੀ ਨੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਬੀਤੀ 21 ਅਪ੍ਰੈਲ ਨੂੰ ਚੰਡੀਗੜ੍ਹ ਕਾਂਗਰਸ ਵਲੋਂ ਬਾਪੂਧਮ ਕਲੋਨੀ ਵਿਚ ਰਾਸ਼ਨ ਵੰਡਣ ਦਾ ਇਕ ਪ੍ਰੋਗਰਾਮ ਰੱਖਿਆ ਗਿਆ ਸੀ।
ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ, ਅਨਵਾਰੁਲ ਹੱਕ, ਸੋਨੂ ਮੋਦਗਿਲ ਸਣੇ ਕਾਂਗਰਸ ਦੇ ਕਈ ਨੇਤਾ ਮੌਜੂਦ ਸਨ। ਇਸ ਇਕੱਠ ਵਿੱਚ ਇਕ ਕੋਰੋਨਾ ਵਾਇਰਸ ਨਾਲ ਪੌਜੇਟਿਵ ਵਿਅਕਤੀ ਵੀ ਮੌਜੂਦ ਸੀ। ਇਸ ਸੰਬੰਧੀ ਇਕ ਫੋਟੋ ਅਖਬਾਰਾਂ ਤੇ ਸੋਸ਼ਲ ਮੀਡੀਆ ਵਿੱਚ ਵੀ ਛਾਈ ਰਹੀ। ਹੁਣ ਐਸ ਐਸ ਪੀ ਨਿਲੰਬਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਆਪ ਨੂੰ ਚੈਕ ਕਰਵਾਉਣ ਲਈ ਡਾਕਟਰਾਂ ਦੇ ਇਕ ਪੈਨਲ ਨੂੰ ਕਿਹਾ ਹੈ।